ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਿਹਤ ਦੇ ਆਧਾਰ ’ਤੇ ਮੰਗੀ ਗਈ ਆਰਜ਼ੀ ਜ਼ਮਾਨਤ ਨਕਾਰ ਦਿੱਤੀ ਹੈ। ਅਦਾਲਤ ਦਾ ਕਹਿਣਾ ਸੀ ਕਿ ਮੈਡੀਕਲ ਰਿਕਾਰਡ ਮੁਤਾਬਕ ਉਸ ਦੀ ਹਾਲਤ ਸਥਿਰ ਹੈ ਅਤੇ ਸੁਧਾਰ ਹੋ ਰਿਹਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ‘ਸ਼ਾਹੀ ਮਰੀਜ਼’ ਵਜੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਸਕਦੀਆਂ। ਜਸਟਿਸ ਸੰਜੈ ਕਿਸ਼ਨ ਕੌਲ ਅਤੇ ਐਮ ਐਮ ਸੁੰਦਰੇਸ਼ ਦੀ ਬੈਂਚ ਨੇ ਸੱਜਣ ਕੁਮਾਰ ਦੇ ਵਕੀਲ ਦੀ ਝਾੜ-ਝੰਬ ਕਰਦਿਆਂ ਕਿਹਾ, ‘‘ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੇਸ਼ ਵਿੱਚ ਇੱਕੋ-ਇਕ ਵਿਅਕਤੀ ਹੈ ਜਿਸ ਨੂੰ ਇਲਾਜ ਦੀ ਲੋੜ ਹੈ। ਇਹ ਵੀ ਮਰੀਜ਼ਾਂ ਵਿੱਚੋਂ ਇਕ ਮਰੀਜ ਹੈ। ਇਸ ਨਾਲ ‘ਸ਼ਾਹੀ ਮਰੀਜ਼’ ਵਜੋਂ ਵਰਤਾਅ ਨਹੀਂ ਕੀਤਾ ਜਾ ਸਕਦਾ ਹੈ।’’ -ਪੀਟੀਆਈ