ਨਵੀਂ ਦਿੱਲੀ, 17 ਜਨਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ਭਰ ਵਿਚ ਦੂਜੇ ਦਿਨ ਤਕ 2,24,301 ਲੋਕਾਂ ਨੂੰ ਕੋਵਿਡ-19 ਟੀਕਾ ਲੱਗ ਚੁੱਕਾ ਹੈ ਜਿਨ੍ਹਾਂ ਵਿਚੋਂ 447 ਜਣਿਆਂ ਨੂੰ ਸਿਹਤ ਸਬੰਧੀ ਸਮੱਸਿਆ ਆਈ ਹੈ। ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਦੱਸਿਆ ਕਿ ਸਵਾ ਦੋ ਲੱਖ ਵਿਚੋਂ 447 ਜਣਿਆਂ ਨੂੰ ਹਲਕਾ ਬੁਖਾਰ ਤੇ ਸਿਰ ਦਰਦ ਆਦਿ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿਚੋਂ ਸਿਰਫ ਤਿੰਨ ਨੂੰ ਹਾਲਤ ਖਰਾਬ ਹੋਣ ਕਾਰਨ ਹਸਪਤਾਲ ਲਿਜਾਣਾ ਪਿਆ। ਅੱਜ ਐਤਵਾਰ ਦਾ ਦਿਨ ਹੋਣ ਕਰ ਕੇ ਸਿਰਫ ਛੇ ਰਾਜਾਂ ਵਿਚ ਟੀਕਾਕਰਨ ਮੁਹਿੰਮ ਚਲਾਈ ਗਈ ਤੇ 17 ਹਜ਼ਾਰ ਦੇ ਕਰੀਬ ਲੋਕਾਂ ਨੂੰ ਕਰੋਨਾ ਤੋਂ ਬਚਾਅ ਦਾ ਟੀਕਾ ਲਾਇਆ ਗਿਆ। ਟੀਕਾਕਰਨ ਮੁਹਿੰਮ ਆਂਧਰਾ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਕਰਨਾਟਕਾ, ਕੇਰਲਾ, ਮਨੀਪੁਰ ਤੇ ਤਾਮਿਲਨਾਡੂ ਵਿਚ ਚਲਾਈ ਗਈ।-ਪੀਟੀਆਈ