ਨਵੀਂ ਦਿੱਲੀ, 7 ਜੂਨ
ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਛਾਪੇ ਦੌਰਾਨ 2.85 ਕਰੋੜ ਰੁਪਏ ਅਤੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵਿਰੁੱਧ ਸੋਮਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ, ਉਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਨੀ ਲਾਂਡਰਿੰਗ ਵਿੱਚ ਮੰਤਰੀ ਦੀ ਮਦਦ ਕੀਤੀ ਸੀ। ਈਡੀ ਨੇ ਸੋਮਵਾਰ ਨੂੰ ਸੱਤ ਥਾਵਾਂ ’ਤੇ ਛਾਪੇ ਮਾਰੇ ਸਨ ਜਿਨ੍ਹਾਂ ਵਿੱਚ ਸਰਾਫ ਦੀ ਇਕ ਦੁਕਾਨ, ਦਿੱਲੀ ਅਤੇ ਨੇੜਲੇ ਇਲਾਕੇ ਸ਼ਾਮਲ ਹਨ। ਈਡੀ ਅਨੁਸਾਰ ਅੱਜ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ, ਸਤੇਂਦਰ ਜੈਨ ਦੇ ਕਾਰੋਬਾਰੀ ਭਾਈਵਾਲ ਅੰਕੁਸ਼ ਜੈਨ ਤੇ ਵੈਭਵ ਜੈਨ, ਨਵੀਨ ਜੈਨ ਤੇ ਸਿਧਾਰਥ ਜੈਨ (ਰਾਮ ਪ੍ਰਕਾਸ਼ ਜਿਊਲਰਜ਼ ਦੇ ਡਾਇਰੈਕਟਰਜ਼), ਜੀਐੱਸ ਮਠਾਰੂ (ਚੇਅਰਮੈਨ, ਲਾਲਾ ਸ਼ੇਰ ਸਿੰਘ ਜੀਵਨ ਵਿਗਿਆਨ ਟਰੱਸਟ ਜੋ ਕਿ ਪਰੂਡੈਂਸ ਗਰੁੱਪ ਆਫ ਸਕੂਲਜ਼ ਚਲਾਉਂਦਾ ਹੈ), ਅੰਕੁਸ਼ ਜੈਨ ਦੇ ਸਹੁਰੇ ਯੋਗੇਸ਼ ਕੁਮਾਰ ਜੈਨ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। -ਏਜੰਸੀ
ਮੋਦੀ ਸਰਕਾਰ ‘ਆਮ ਆਦਮੀ ਪਾਰਟੀ’ ਦੇ ਪਿੱਛੇ ਪਈ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਹੋਏ ਹਨ। ਉਨ੍ਹਾਂ ਨੇ ਟਵੀਟ ਕੀਤਾ ‘ਇਸ ਸਮੇਂ, ਪ੍ਰਧਾਨ ਮੰਤਰੀ ਆਪਣੀ ਸਾਰੀ ਸ਼ਕਤੀ ਨਾਲ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਹਨ ਖਾਸਕਰ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੇ। ਝੂਠ ਦੇ ਬਾਅਦ ਝੂਠ, ਝੂਠ ਦੇ ਬਾਅਦ ਝੂਠ। ਪ੍ਰਧਾਨ ਮੰਤਰੀ ਕੋਲ ਸਾਰੀਆਂ ਏਜੰਸੀਆਂ ਦੀ ਤਾਕਤ ਹੈ, ਪਰ ਭਗਵਾਨ ਸਾਡੇ ਨਾਲ ਹੈ।’ -ਪੀਟੀਆਈ