ਨਵੀਂ ਦਿੱਲੀ: ਜਨਮਦਿਨ ਦੇ ਜਸ਼ਨ ਦੌਰਾਨ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਪੁਲੀਸ ਨੇ ਇੱਕ ਜਣੇ ਨੂੰ ਉਸ ਦੇ ਦੋਸਤ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਦਾ ਨੋਟਿਸ ਲਿਆ। ਇਸ ਵਿੱਚ ਦਿਖਾਇਆ ਗਿਆ ਕਿ ਬਾਹਰੀ ਦਿੱਲੀ ਦੇ ਪੱਛਮ ਵਿਹਾਰ ਵਿੱਚ ਇੱਕ ਘਰ ਦੀ ਛੱਤ ‘ਤੇ ਜਨਮਦਿਨ ਸਮਾਰੋਹ ਵਿੱਚ ਇੱਕ ਵਿਅਕਤੀ ਹਵਾ ਵਿੱਚ ਗੋਲੀਆਂ ਚਲਾ ਰਿਹਾ ਸੀ। ਪੁਲੀਸ ਨੇ ਕਿਹਾ ਕਿ 7-8 ਅਗਸਤ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਕਥਿਤ ਵੀਡੀਓ ਵਿੱਚ ਸੁਮਿਤ ਤੰਵਰ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਦਿਖਾਇਆ ਗਿਆ ਹੈ। ਪੁਲੀਸ ਡਿਪਟੀ ਕਮਿਸ਼ਨਰ (ਬਾਹਰੀ) ਪਰਵਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਦਾ ਨੋਟਿਸ ਲੈਂਦੇ ਹੋਏ ਪੱਛਮ ਵਿਹਾਰ ਪੂਰਬੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੁਰੂ ਹਰਕਿਸ਼ਨ ਨਗਰ ਦਾ ਰਹਿਣ ਵਾਲਾ ਤੰਵਰ ਆਪਣੇ ਦੋਸਤ ਦਾ ਜਨਮਦਿਨ ਪੁਸ਼ਕਰ ਇਨਕਲੇਵ ਸਥਿਤ ਘਰ ਵਿੱਚ ਮਨਾ ਰਿਹਾ ਸੀ ਜੋ ਉਸ ਦੇ ਦੋਸਤ ਅਭਿਜੀਤ ਅਡਾਨਾ ਦੀ ਮਲਕੀਅਤ ਹੈ। ਗੋਲੀ ਚਲਾਉਣ ਵਾਲਾ ਪਿਸਤੌਲ ਵੀ ਅਡਾਨਾ ਦਾ ਹੈ। -ਪੱਤਰ ਪ੍ਰੇਰਕ