ਲਖਨਊ, 30 ਮਈ
ਇਕ ਪਾਸੇ ਜਿੱਥੇ ਜੇਲ੍ਹਾਂ ਵਿਚ ਬੰਦ ਜ਼ਿਆਦਾਤਰ ਲੋਕ ਬਾਹਰ ਆਉਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਉੱਥੇ ਹੀ ਉੱਤਰ ਪ੍ਰਦੇਸ਼ ਦੀਆਂ ਨੌਂ ਜੇਲ੍ਹਾਂ ਵਿਚ ਬੰਦ 21 ਕੈਦੀ ਅਜਿਹੇ ਹਨ ਜਿਨ੍ਹਾਂ ਨੇ ਅਧਿਕਾਰੀਆਂ ਨੂੰ ਲਿਖਤ ਵਿਚ ਦੇ ਕੇ ਕਿਹਾ ਹੈ ਕਿ ਉਹ ਪੈਰੋਲ ਨਹੀਂ ਚਾਹੁੰਦੇ ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਜੇਲ੍ਹ ਵਿਚ ਰਹਿਣਾ ਉਨ੍ਹਾਂ ਲਈ ਵਧੇਰੇ ਸੁਰੱਖਿਅਤ ਤੇ ਸਿਹਤਮੰਦ ਹੈ।
ਜੇਲ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਪੈਰੋਲ ਨਾ ਦੇਣ ਦੀ ਬੇਨਤੀ ਕਰਨ ਵਾਲੇ ਇਹ ਕੈਦੀ ਸੂਬੇ ਦੀਆਂ ਨੌਂ ਵੱਖ-ਵੱਖ ਜੇਲ੍ਹਾਂ ਜਿਵੇਂ ਗਾਜ਼ੀਆਬਾਦ, ਗੌਤਮ ਬੁੱਧ ਨਗਰ, ਮੇਰਠ, ਮਹਾਰਾਜਗੰਜ, ਗੋਰਖਪੁਰ ਤੇ ਲਖਨਊ ਦੀਆਂ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਕੈਦੀਆਂ ਵੱਲੋਂ ਪੈਰੋਲ ਤੋਂ ਇਨਕਾਰ ਕੀਤੇ ਜਾਣ ਪਿੱਛੇ ਕਾਰਨ ਇਹ ਹੈ ਕਿ ਜੇਕਰ ਉਨ੍ਹਾਂ ਨੂੰ 90 ਦਿਨਾਂ ਦੀ ਪੈਰੋਲ ਮਿਲਦੀ ਹੈ ਤਾਂ ਇਹ ਵਕਫ਼ਾ ਉਨ੍ਹਾਂ ਦੀ ਸਜ਼ਾ ਦੇ ਸਮੇਂ ਵਿਚ ਜਮ੍ਹਾਂ ਹੋ ਜਾਵੇਗਾ।
ਸ੍ਰੀ ਕੁਮਾਰ ਨੇ ਕਿਹਾ, ‘‘ਇਕ ਹੋਰ ਕਾਰਨ ਜੋ ਕੈਦੀ ਦੱਸਦੇ ਹਨ ਉਹ ਇਹ ਹੈ ਕਿ ਜੇਕਰ ਉਹ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਖਾਣਾ ਤੇ ਹੋਰ ਸਿਹਤ ਸਹੂਲਤਾਂ ਨਹੀਂ ਮਿਲਣਗੀਆਂ ਜੋ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਦੀਆਂ ਹਨ। ਕੈਦੀਆਂ ਦਾ ਕਹਿਣਾ ਹੈ ਕਿ ਜੇਲ੍ਹਾਂ ਵਿਚ ਉਨ੍ਹਾਂ ਦੀ ਨਿਯਮਤ ਤੌਰ ’ਤੇ ਸਿਹਤ ਜਾਂਚ ਹੁੰਦੀ ਹੈ। ਉਨ੍ਹਾਂ ਨੂੰ ਸਮੇਂ ਸਿਰ ਖਾਣਾ ਮਿਲਦਾ ਹੈ, ਉਹ ਜੇਲ੍ਹਾਂ ਵਿਚ ਸੁਰੱਖਿਅਤ ਤੇ ਤੰਦਰੁਸਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਾਰ ਜੇਕਰ ਉਹ ਬਾਹਰ ਚਲੇ ਗਏ ਤਾਂ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਜੱਦੋ-ਜਹਿਦ ਕਰਨੀ ਪਵੇਗੀ।’’ ਅਜਿਹੀਆਂ ਚਾਰ ਦਰਖ਼ਾਸਤਾਂ ਲਖਨਊ ਜੇਲ੍ਹ, ਤਿੰਨ ਗਾਜ਼ੀਆਬਾਦ ਤੇ ਦੋ ਮਹਾਰਾਜਗੰਗ ਜੇਲ੍ਹ ਵਿਚੋਂ ਆਈਆਂ ਹਨ। ਇਹ ਪੁੱਛੇ ਜਾਣ ’ਤੇ ਕਿ ਕੈਦੀਆਂ ਦੀਆਂ ਦਰਖ਼ਾਸਤਾਂ ’ਤੇ ਜੇਲ੍ਹ ਪ੍ਰਸ਼ਾਸਨ ਦਾ ਕੀ ਜਵਾਬ ਹੈ, ’ਤੇ ਸ੍ਰੀ ਕੁਮਾਰ ਨੇ ਕਿਹਾ, ‘‘ਕਿਉਂਕਿ ਕੈਦੀਆਂ ਨੇ ਪੈਰੋਲ ਨਾ ਲੈਣ ਬਾਰੇ ਲਿਖਤ ਵਿਚ ਦੇ ਦਿੱਤਾ ਹੈ ਤਾਂ ਸੁਭਾਵਿਕ ਤੌਰ ’ਤੇ ਸਾਨੂੰ ਉਨ੍ਹਾਂ ਦੀ ਬੇਨਤੀ ਮੰਨਣੀ ਪੈਣੀ ਹੈ ਤੇ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਨਾ ਪੈਣਾ ਹੈ।’’ -ਪੀਟੀਆਈ