ਮੁੰਬਈ/ਇੰਦੋਰ, 20 ਅਪਰੈਲ
ਪੁਲੀਸ ਅਤੇ ਖੁਰਾਕ ਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਦੇ ਅਧਿਕਾਰੀਆਂ ਨੇ ਮੁੰਬਈ ’ਚ ਦੋ ਥਾਵਾਂ ’ਤੇ ਛਾਪੇ ਮਾਰ ਕੇ ਬਰਾਮਦਕਾਰਾਂ ਵੱਲੋਂ ਜਮ੍ਹਾਂ ਕਰਕੇ ਰੱਖੀਆਂ ਗਈਆਂ ਰੈਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲੀਸ ਤੇ ਐੱਫਡੀਏ ਦੇ ਅਧਿਕਾਰੀਆਂ ਨੇ ਇੱਕ ਸੂਚਨਾ ਦੇ ਆਧਾਰ ’ਤੇ ਬੀਤੇ ਦਿਨ ਉੱਪ ਨਗਰ ਅੰਧੇਰੀ ਅਤੇ ਦੱਖਣੀ ਮੁੰਬਈ ਦੇ ਨਿਊ ਮੈਰੀਨ ਲਾਈਨਜ਼ ’ਚ ਦੋ ਥਾਵਾਂ ’ਤੇ ਛਾਪੇ ਮਾਰੇ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਜ਼ਰੂਰੀ ਮੰਨੀ ਜਾਣ ਵਾਲੀ ਰੈਮਡੇਸਿਵਿਰ ਦੀ ਬਰਾਮਦ ’ਤੇ ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਰੋਕ ਲਗਾ ਦਿੱਤੀ ਸੀ।
ਇਸ ਦੌਰਾਨ ਰੈਮਡੇਸਿਵਿਰ ਦੀਆਂ ਕਰੀਬ 15000 ਸ਼ੀਸ਼ੀਆਂ ਅੱਜ ਇੱਥੇ ਇੰਦੌਰ ਪਹੁੰਚੀਆਂ ਜਿਨ੍ਹਾਂ ਨੂੰ ਹਵਾਈ ਮਾਰਗ ਰਾਹੀਂ ਸੂਬੇ ਦੀਆਂ ਵੱਖ ਵੱਖ ਥਾਵਾਂ ’ਤੇ ਭੇਜਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ’ਚ ਇਹ ਤੀਜੀ ਵਾਰ ਹੈ ਜਦੋਂ ਮਹਾਮਾਰੀ ਨਾਲ ਸੰਘਰਸ਼ ਕਰ ਰਹੀ ਸੂਬਾ ਸਰਕਾਰ ਨੇ ਇਹ ਜ਼ਰੂਰੀ ਦਵਾਈ ਪਹੁੰਚਾਉਣ ਲਈ ਸਰਕਾਰੀ ਜਹਾਜ਼ ਤੇ ਹੈਲੀਕਾਪਟਰ ਲਗਾਏ ਹੋਣ। -ਪੀਟੀਆਈ
ਫਾਰਮਾ ਕੰਪਨੀ ਦੇ ਡਾਇਰੈਕਟਰ ਵੱਲੋਂ ਰੈਮਡੇਸਿਵਿਰ ਦੀ ਜਮ੍ਹਾਂਖੋਰੀ ਤੋਂ ਇਨਕਾਰ
ਮੁੰਬਈ: ਬਰੁੱਕ ਫਾਰਮਾ ਦੇ ਡਾਇਰੈਕਟਰ ਨੇ ਸ਼ਹਿਰ ’ਚ ਰੈਮਡੇਸਿਵਿਰ ਦੀ ਜਮ੍ਹਾਂਖੋਰੀ ਤੋਂ ਇਨਕਾਰ ਕਰਦਿਆਂ ਅੱਜ ਦਾਅਵਾ ਕੀਤਾ ਕਿ ਦਵਾਈ ਦੀ ਖੇਪ ਦਮਨ ਦੇ ਗੁਦਾਮ ’ਚ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੰਬਈ ਪੁਲੀਸ ਨੇ ਫਾਰਮਾ ਕੰਪਨੀ ਦੇ ਡਾਇਰੈਕਟਰ ਰਾਜੇਸ਼ ਡੋਕਾਨੀਆ ਤੋਂ ਟੀਕਿਆਂ ਦੀਆਂ ਕਰੀਬ 60 ਹਜ਼ਾਰ ਸ਼ੀਸ਼ੀਆਂ ਵਿਦੇਸ਼ ਭੇਜਣ ਬਾਰੇ ਪੁੱਛ-ਪੜਤਾਲ ਕੀਤੀ ਸੀ। ਪੁਲੀਸ ਵੱਲੋਂ ਡੋਕਾਨੀਆ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੀ ਤਸਦੀਕ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਫਾਰਮਾ ਕੰਪਨੀ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਸੀ ਕਿ ਦਵਾਈ ਦੀ ਬਰਾਮਦਗੀ ’ਤੇ ਪਾਬੰਦੀ ਲੱਗਣ ਮਗਰੋਂ ਉਸ ਨੇ ਇਸ ਦੀ ਖੇਪ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਦੇ ਗੁਦਾਮ ’ਚ ਭੇਜ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਭਾਜਪਾ ਦੇ ਹੋਰ ਆਗੂਆਂ ਦੇ ਪੁਲੀਸ ਥਾਣੇ ਪਹੁੰਚਣ ਮਗਰੋਂ ਇਸ ’ਤੇ ਸਿਆਸਤ ਸ਼ੁਰੂ ਹੋ ਗਈ ਸੀ। -ਪੀਟੀਆਈ