ਗਾਜ਼ੀਆਬਾਦ (ਉੱਤਰ ਪ੍ਰਦੇਸ਼), 3 ਜਨਵਰੀ
ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਵਿਚ ਸ਼ਮਸ਼ਾਨਘਾਟ ਵਿੱਚ ਬਣੇ ਵਰਾਂਡੇ ਦੀ ਛੱਤ ਡਿੱਗਣ ਕਾਰਨ 23 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਰਾਮ ਧਨ ਨਾਂ ਦੇ ਵਿਅਕਤੀ ਦੇ ਸਸਕਾਰ ਲਈ ਸ਼ਮਸ਼ਾਨਘਾਟ ਪੁੱਜੇ ਲੋਕ ਮੀਂਹ ਪੈਂਦਾ ਹੋਣ ਕਾਰਨ ਵਰਾਂਡੇ ਵਿੱਚ ਜਾ ਕੇ ਖੜ੍ਹ ਗਏ। ਅਚਾਨਕ ਵਰਾਂਡੇ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 25 ਲੋਕ ਮਲਬੇ ਹੇਠ ਦੱਬ ਗਏ। ਇਨ੍ਹਾਂ ’ਚੋਂ 23 ਜਣਿਆਂ ਦੀ ਮੌਤ ਹੋ ਗਈ ਅਤੇ ਕਈਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਕਈ ਘੰਟਿਆਂ ਬਾਅਦ ਵੀ ਰਾਹਤ ਕਰਮੀਆਂ ਵਲੋਂ ਮਲਬਾ ਹਟਾਇਆ ਜਾ ਰਿਹਾ ਸੀ ਤਾਂ ਜੋ ਹੋਰ ਪੀੜਤਾਂ ਨੂੰ ਬਾਹਰ ਕੱਢਿਆ ਜਾ ਸਕੇ। ਐੱਨਡੀਆਰਐੱਫ ਦੀ ਟੀਮ ਮੌਕੇ ’ਤੇ ਪੁੱਜ ਗਈ ਹੈ ਅਤੇ ਰਾਹਤ ਕਾਰਜਾਂ ’ਚ ਜੁਟ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਦੀ ਵਿੱਤੀ ਸਹਾਇਤਾ ਦੇਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਮੇਰਠ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਏਡੀਜੀ ਮੇਰਠ ਜ਼ੋਨ ਨੂੰ ਘਟਨਾ ਸਬੰਧੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ। -ਪੀਟੀਆਈ