ਨਵੀਂ ਦਿੱਲੀ, 15 ਜਨਵਰੀ
ਕਰੋਨਾ ਦੇ ਮੱਦੇਨਜ਼ਰ 26 ਜਨਵਰੀ ਨੂੰ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਸਮਾਗਮ ਮੌਕੇ ਲਗਪਗ 24,000 ਲੋਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਪਿਛਲੇ ਵਰ੍ਹੇ ਲਗਪਗ 25,000 ਲੋਕਾਂ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਪਿਛਲੇ ਵਰ੍ਹੇ ਵਾਂਗ ਇਸ ਸਾਲ ਵੀ ਮਹਾਮਾਰੀ ਕਾਰਨ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਕਿਸੇ ਵਿਦੇਸ਼ੀ ਮਹਿਮਾਨ ਦੇ ਪੁੱਜਣ ਦੀ ਘੱਟ ਹੀ ਸੰਭਾਵਨਾ ਹੈ। ਹਾਲਾਂਕਿ ਭਾਰਤ ਵੱਲੋਂ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਕਿਰਗਿਜ਼ ਰਿਪਬਲਿਕ ਤੇ ਤਜ਼ਾਕਿਸਤਾਨ ਦੇ ਆਗੂਆਂ ਨੂੰ ਸੱਦਾ ਦੇਣ ਦੀ ਯੋਜਨਾ ਹੈ। ਇਸ ਵਰ੍ਹੇ ਸ਼ਾਮਲ ਹੋਣ ਵਾਲੇ 24,000 ਲੋਕਾਂ ਵਿਚੋਂ 19,000 ਨੂੰ ਸੱਦਿਆ ਜਾਵੇਗਾ ਜਦਕਿ ਬਾਕੀ ਆਮ ਲੋਕ ਸ਼ਾਮਲ ਹੋਣਗੇ ਜੋ ਟਿਕਟਾਂ ਖਰੀਦ ਸਕਣਗੇ। -ਪੀਟੀਆਈ
23 ਜਨਵਰੀ ਤੋਂ ਸ਼ੁਰੂ ਹੋਣਗੇ ਗਣਤੰਤਰ ਦਿਵਸ ਸਮਾਗਮ
ਨਵੀਂ ਦਿੱਲੀ: ਗਣਤੰਤਰ ਦਿਵਸ ਸਮਾਗਮ ਹੁਣ ਹਰ ਵਰ੍ਹੇ 24 ਜਨਵਰੀ ਦੀ ਬਜਾਇ 23 ਜਨਵਰੀ ਤੋਂ ਸ਼ੁਰੂ ਹੋਣਗੇ। ਦਰਅਸਲ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਜਨਮ ਦਿਹਾੜਾ ਹੁੰਦਾ ਹੈ ਜਿਸ ਨੂੰ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਲ ਕਰ ਲਿਆ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਫ਼ੈਸਲਾ ਮੋਦੀ ਸਰਕਾਰ ਵੱਲੋਂ ਭਾਰਤ ਦੇ ਇਤਿਹਾਸ ਤੇ ਸੱਭਿਆਚਾਰ ਦੇ ਅਹਿਮ ਦਿਨਾਂ ਨੂੰ ਮਨਾਉਣ ਦੇਣ ਨਿਰਣੇ ਕਾਰਨ ਲਿਆ ਗਿਆ ਹੈ। -ਪੀਟੀਆਈ