ਨਵੀਂ ਦਿੱਲੀ, 18 ਅਪਰੈਲ
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਚੋਣਾਂ ਦੌਰਾਨ ਵਿਵਾਦਤ ਬਿਆਨ ਦੇਣ ਲਈ ਭਾਜਪਾ ਆਗੂ ਸਿਆਂਤਨ ਬਾਸੂ ਅਤੇ ਤ੍ਰਿਣਮੂਲ ਕਾਂਗਰਸ ਆਗੂ ਸੁਜਾਤਾ ਮੰਡਲ ਦੇ ਪ੍ਰਚਾਰ ਕਰਨ ’ਤੇ 24 ਘੰਟਿਆਂ ਦੀ ਪਾਬੰਦੀ ਲਗਾਈ ਹੈ। ਇਹ ਪਾਬੰਦੀ ਅੱਜ ਸ਼ਾਮ 7 ਵਜੇ ਤੋਂ ਭਲਕੇ ਸ਼ਾਮ 7 ਵਜੇ ਤੱਕ ਰਹੇਗੀ। ਅਨੁਸੂਚਿਤ ਜਾਤਾਂ ਬਾਰੇ ਦਿੱਤੇ ਗਏ ਵਿਵਾਦਤ ਬਿਆਨ ’ਤੇ ਮੰਡਲ ਤੋਂ ਚੋਣ ਕਮਿਸ਼ਨ ਨੇ ਜਵਾਬ ਮੰਗਿਆ ਸੀ ਜਿਸ ਤੋਂ ਸੰਤੁਸ਼ਟ ਨਾ ਹੁੰਦਿਆਂ ਉਨ੍ਹਾਂ ਉਸ ਦੇ ਪ੍ਰਚਾਰ ’ਤੇ 24 ਘੰਟੇ ਦੀ ਰੋਕ ਲਗਾਈ ਹੈ। ਭਾਜਪਾ ਦੇ ਬਾਸੂ ਨੇ ‘ਜੇਕਰ ਤੁਸੀਂ ਇਕ ਮਾਰੋਗੇ ਤਾਂ ਅਸੀਂ ਚਾਰ ਮਾਰਾਂਗੇ’ ਦਾ ਵਿਵਾਦਤ ਬਿਆਨ ਦਿੱਤਾ ਸੀ ਅਤੇ ਉਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਮੰਨਦਿਆਂ ਚੋਣ ਪ੍ਰਚਾਰ ’ਤੇ 24 ਘੰਟੇ ਦੀ ਰੋਕ ਲਾਈ ਗਈ ਹੈ।
ਭਾਜਪਾ ਵਰਕਰ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲੀ: ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਚਕਦਾਹ ’ਚ ਭਾਜਪਾ ਵਰਕਰ ਦਿਲੀਪ ਕੀਰਤਨੀਆ (31) ਦੀ ਲਾਸ਼ ਮਿਲੀ ਹੈ। ਭਾਜਪਾ ਕਾਰਕੁਨਾਂ ਨੇ ਤ੍ਰਿਣਮੂਲ ਕਾਂਗਰਸ ’ਤੇ ਹੱਤਿਆ ਦਾ ਦੋਸ਼ ਲਾਉਂਦਿਆਂ ਸੜਕ ਜਾਮ ਕਰ ਦਿੱਤੀ। ਪੁਲੀਸ ਮੁਤਾਬਕ ਉਹ ਰਾਤ ਨੂੰ ਪਿਸ਼ਾਬ ਕਰਨ ਲਈ ਘਰ ਤੋਂ ਬਾਹਰ ਗਿਆ ਸੀ ਪਰ ਘਰ ਨਹੀਂ ਪਰਤਿਆ। ਉਸ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰੀ ’ਤੇ ਮਿਲੀ। ਪੁਲੀਸ ਮੁਤਾਬਕ ਉਸ ਦੇ ਪ੍ਰਾਈਵੇਟ ਅੰਗਾਂ ’ਤੇ ਜ਼ਖ਼ਮ ਦੇ ਨਿਸ਼ਾਨ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤ੍ਰਿਣਮੂਲ ਅਤੇ ਭਾਜਪਾ ਵਰਕਰਾਂ ’ਚ ਝੜਪ: ਜਲਪਾਈਗੁੜੀ ਜ਼ਿਲ੍ਹੇ ਦੇ ਦਾਬਗ੍ਰਾਮ-ਫੁਲਬਾੜੀ ਹਲਕੇ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰ ਆਪਸ ’ਚ ਭਿੜ ਗਏ। ਪੰਜਵੇਂ ਗੇੜ ਦੀ ਵੋਟਿੰਗ ਮਗਰੋਂ ਸ਼ਨਿਚਰਵਾਰ ਰਾਤ ਨੂੰ ਇਹ ਝੜਪ ਹੋਈ। ਭਾਜਪਾ ਉਮੀਦਵਾਰ ਸ਼ਿਖਾ ਚੈਟਰਜੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਟੀਐੱਮਸੀ ਦੇ ਗੁੰਡਿਆਂ ਨੇ ਉਨ੍ਹਾਂ ਦੀ ਪਾਰਟੀ ਦੇ ਦੋ ਮੈਂਬਰਾਂ ਨੂੰ ਕੁੱਟਿਆ ਅਤੇ ਇਕ ਮਹਿਲਾ ਨਾਲ ਬਦਤਮੀਜ਼ੀ ਕੀਤੀ। ਭਾਜਪਾ ਵਰਕਰਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਟੀਐੱਮਸੀ ਉਮੀਦਵਾਰ ਅਤੇ ਮੰਤਰੀ ਗੌਤਮ ਦੇਬ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰਾਂ ਨੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦੇ ਘਰਾਂ ’ਤੇ ਪਥਰਾਅ ਕੀਤਾ ਅਤੇ ਚੈਟਰਜੀ ਨੇ ਪਿੰਡ ਦਾ ਦੌਰਾ ਕਰਕੇ ਲੋਕਾਂ ਨੂੰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਚੈਟਰਜੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਕਰਨਗੇ। -ਪੀਟੀਆਈ