ਮੁੰਬਈ, 17 ਨਵੰਬਰ
ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਮੁੰਬਈ ਦੀ ਅਪਰਾਧ ਸ਼ਾਖਾ ਨੇ ਅੱਜ ਮਹਾਰਾਸ਼ਟਰ ਦੇ ਅਕੋਲਾ ਤੋਂ ਗੁਜਰਾਤ ਦੇ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਹੁਣ ਤੱਕ 25 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਪੁਲੀਸ ਦੀ ਸਹਾਇਤਾ ਨਾਲ ਅਕੋਲਾ ਦੇ ਬਾਲਾਪੁਰ ਤੋਂ ਸਲਮਾਨਭਾਈ ਇਕਬਾਲਭਾਈ ਵੋਹਰਾ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਪੇਤਲਾਡ ਦਾ ਵਸਨੀਕ ਹੈ। ਅਧਿਕਾਰੀ ਨੇ ਕਿਹਾ ਕਿ ਵੋਹਰਾ ਨੇ ਮਈ ’ਚ ਬੈਂਕ ਖ਼ਾਤਾ ਖੋਲ੍ਹ ਕੇ ਨਰੇਸ਼ ਕੁਮਾਰ ਸਿੰਘ, ਮੁਲਜ਼ਮ ਦੇ ਗ੍ਰਿਫ਼ਤਾਰ ਭਰਾ ਗੁਰਮੇਲ ਸਿੰਘ, ਰੁਪੇਸ਼ ਮੋਹੋਲ ਅਤੇ ਹਰੀਸ਼ ਕੁਮਾਰ ਨੂੰ ਵਿੱਤੀ ਸਹਾਇਤਾ ਦਿੱਤੀ ਸੀ। ਉਸ ਨੇ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਜੁੜੇ ਹੋਰ ਵਿਅਕਤੀਆਂ ਦੀ ਵੀ ਸਹਾਇਤਾ ਕੀਤੀ ਸੀ। ਸਿੱਦੀਕੀ ਦੀ ਹੱਤਿਆ ਮਗਰੋਂ ਹਰਿਆਣਾ ਦੇ ਗੁਰਮੇਲ ਸਿੰਘ ਅਤੇ ਯੂਪੀ ਦੇ ਧਰਮਰਾਜ ਕਸ਼ਯਪ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲੀਸ ਨੇ ਹੁਣੇ ਜਿਹੇ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਨੂੰ ਯੂਪੀ ਦੇ ਬਹਿਰਾਈਚ ਤੋਂ ਗ੍ਰਿਫ਼ਤਾਰ ਕੀਤਾ ਸੀ। ਗੌਤਮ ਦੀ 12 ਅਕਤੂਬਰ ਤੋਂ ਭਾਲ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਨੇਪਾਲ ਭੱਜਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ