ਜੋਧਪੁਰ, 11 ਮਈ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਜੋਧਪੁਰ ਵਿੱਚ 25 ਵਿਦਿਆਰਥੀਆਂ ਸਣੇ 29 ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਹ ਜਾਣਕਾਰੀ ਉਥੋਂ ਦੇ ਅਧਿਕਾਰੀਆਂ ਨੇ ਦਿੱਤੀ। ਆਈਆਈਟੀ ਜੋਧਪੁਰ ਦੇ ਬੁਲਾਰੇ ਅਮਰਦੀਪ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਗਈ। ਇਸ ਦੌਰਾਨ 29 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਸੰਸਥਾ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 225 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਅਕਤੀਆਂ ਦੀ ਸੱਤ ਮਈ ਨੂੰ ਜਾਂਚ ਕੀਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਸੈਸ਼ਨ ਦੇ ਆਖਰੀ ਸਮੈਸਟਰ ਦੀਆਂ ਜਮਾਤਾਂ ਸੱਤ ਮਈ ਨੂੰ ਸਮਾਪਤ ਹੋ ਗਈਆਂ ਸਨ, ਜਿਸ ਮਗਰੋਂ ਸਾਰੇ ਪ੍ਰਕਾਰ ਦੀਆਂ ਗਤੀਵਿਧੀਆਂ ਕੇਵਲ ਆਨਲਾਈਨ ਹੋ ਰਹੀਆਂ ਸਨ। ਅਪਰੈਲ ਵਿੱਚ ਪ੍ਰੈਕਟੀਕਲ ਦੌਰਾਨ ਵਿਦਿਆਰਥੀ ਸੰਸਥਾ ਵਿੱਚ ਆ ਰਹੇ ਸਨ। ਇਸ ਕਾਰਨ ਕਰੋਨਾ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੋਇਆ। ਆਮ ਤੌਰ ’ਤੇ ਇਮਤਿਹਾਨ ਤੋਂ ਬਾਅਦ ਵਧੇਰੇ ਵਿਦਿਆਰਥੀ ਆਪਣੇ-ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਪਰ ਲੌਕਡਾਊਨ ਲੱਗਣ ਕਾਰਨ ਇਸ ਵਾਰ ਸਾਰੇ ਵਿਦਿਆਰਥੀ ਸੰਸਥਾ ਵਿੱਚ ਹੀ ਰਹਿ ਰਹੇ ਸਨ। ਇਸ ਸਬੰਧੀ ਆਈਆਈਟੀ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਸੰਸਥਾ ਵਿੱਚ ਆਉਣ ਵਾਲੇ ਹਰ ਵਿਦਿਆਰਥੀ ਅਤੇ ਕਰਮਚਾਰੀ ਦੀ ਜਾਂਚ ਕੀਤੀ ਗਈ ਅਤੇ ਰਿਪੋਰਟ ਆਉਣ ਤੱਕ ਸਾਰਿਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਰਿਪੋਰਟ ਪਾਜ਼ੇਟਿਵ ਆਉਣ ’ਤੇ ਮਰੀਜ਼ ਨੂੰ ਵੱਖਰੇ ਵਾਰਡ ਵਿੱਚ ਰੱਖਿਆ ਜਾਵੇਗਾ। -ਪੀਟੀਆਈ