ਰਾਏਪੁਰ, 4 ਸਤੰਬਰ
ਛੱਤੀਸਗੜ੍ਹ ਦੀ ਰਾਜਧਾਨੀ ਨੇੜੇ ਇੱਕ ਰਿਜ਼ੌਰਟ ਵਿੱਚ 30 ਅਗਸਤ ਤੋਂ ਡੇਰਾ ਲਾਈਂ ਬੈਠੇ ਝਾਰਖੰਡ ਦੀ ਸੱਤਾਧਾਰੀ ਯੂਪੀਏ ਗੱਠਜੋੜ ਦੇ ਲਗਪਗ 30 ਵਿਧਾਇਕ ਅੱਜ ਦੇਰ ਸ਼ਾਮ ਚਾਰਟਰਡ ਹਵਾਈ ਜਹਾਜ਼ ਰਾਹੀਂ ਰਾਂਚੀ ਪੁੱਜ ਗਏ ਹਨ। ਭਲਕੇ ਸੋਮਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਝਾਰਖੰਡ ਲਿਆਂਦਾ ਗਿਆ ਹੈ। ਉਹ ਸਾਢੇ ਛੇ ਵਜੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਪਹੁੰਚ ਗਏ। ਸਰਕਾਰ ਡੇਗਣ ਲਈ ਵਿਰੋਧੀ ਧਿਰ ਭਾਜਪਾ ਵੱਲੋਂ ਖ਼ਰੀਦੋ-ਫਰੋਖਤ ਕੀਤੇ ਜਾਣ ਦੇ ਡਰੋਂ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਾਲੇ ਗੱਠਜੋੜ ਨੇ ਆਪਣੇ ਵਿਧਾਇਕਾਂ ਨੂੰ ਨਵਾਂ ਰਾਏਪੁਰ ਦੇ ਆਲੀਸ਼ਾਨ ਰਿਜ਼ੌਰਟ ਵਿੱਚ ਭੇਜ ਦਿੱਤਾ ਸੀ। ਕਾਂਗਰਸ ਦੇ ਇੱਕ ਆਗੂ ਨੇ ਦੱਸਿਆ ਕਿ ਚਾਰਟਰਡ ਜਹਾਜ਼ ਨੇ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ਤੋਂ ਦੁਪਹਿਰ ਬਾਅਦ 3.45 ਵਜੇ ਉਡਾਣ ਭਰੀ, ਜਿਸ ਵਿੱਚ ਜੇਐੱਮਐੱਮ ਤੇ ਕਾਂਗਰਸ ਦੇ 30 ਵਿਧਾਇਕ ਤੇ ਕੁੱਝ ਹੋਰ ਆਗੂ ਸਵਾਰ ਸਨ। ਪੁਲੀਸ ਦੀਆਂ ਗੱਡੀਆਂ ਦੇ ਕਾਫ਼ਲੇ ਰਾਹੀਂ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਇੱਕ ਬੱਸ ਵਿੱਚ ਹਵਾਈ ਅੱਡੇ ਲਿਆਂਦਾ ਗਿਆ।