ਨਵੀਂ ਦਿੱਲੀ, 28 ਮਈ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ 35 ਕਿਲੋ ਹੈਰੋਇਨ ਜ਼ਬਤ ਕਰਕੇ ਅਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਹਿੰਮ 24 ਮਈ ਨੂੰ ਜ਼ਿੰਬਾਬਵੇ ਤੋਂ ਬੰਗਲੂਰੂ ਪਹੁੰਚੀਆਂ ਦੋ ਮਹਿਲਾ ਮੁਸਾਫ਼ਰਾਂ ਨੂੰ ਹਵਾਈ ਅੱਡੇ ’ਤੇ ਐੱਨਸੀਬੀ ਵੱਲੋਂ ਰੋਕੇ ਜਾਣ ਮਗਰੋਂ ਸ਼ੁਰੂ ਹੋਈ ਸੀ। ਮਹਿਲਾਵਾਂ ਕੋਲੋਂ ਤਕਰੀਬਨ ਸੱਤ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਐੱਨਸੀਬੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਹਾਸਲ ਹੋਈ ਜਾਣਕਾਰੀ ਰਾਹੀਂ ਇੱਕ ਨਾਇਜੀਰਿਆਈ ਨਾਗਰਿਕ ਦੀ ਪਛਾਣ ਨੈਟਵਰਕ ਦੇ ਸਰਗਣੇ ਵਜੋਂ ਹੋਈ ਅਤੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਈਟਾਰਸੀ ’ਚ ਰਹਿਣ ਵਾਲੇ ਹੋਰ ਮੈਂਬਰਾਂ ਬਾਰੇ ਪਤਾ ਲੱਗਿਆ। ਬਿਊਰੋ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਮੁਹਿੰਮ ਦੌਰਾਨ 34.89 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਅਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ ਅਨੁਸਾਰ ਇਸ ਦੌਰਾਨ 5.8 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। -ਪੀਟੀਆਈ