ਹੈਦਰਾਬਾਦ:
ਤਿਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਵਿਚ ਮਾਲਗੱਡੀ ਲੀਹੋਂ ਲੱਥਣ ਕਾਰਨ 39 ਰੇਲਾਂ ਰੱਦ ਕਰਨੀਆਂ ਪਈਆਂ। ਦੱਖਣ ਕੇਂਦਰੀ ਰੇਲਵੇ (ਐੱਸਸੀਆਰ) ਨੇ ਕਿਹਾ ਕਿ ਰਾਘਵਪੁਰਮ ਤੇ ਰਾਮਾਗੁੰਡਮ ਵਿਚਾਲੇ ਲੋਹੇ ਦੀ ਕੱਚੀ ਧਾਤ ਨਾਲ ਲੱਦੀ ਮਾਲਗੱਡੀ ਦੀਆਂ 11 ਬੋਗੀਆਂ ਲੀਹੋਂ ਲੱਥ ਗਈਆਂ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਇਹ ਮਾਲਗੱਡੀ ਕਰਨਾਟਕ ਦੇ ਬੇਲਾਰੀ ਤੋਂ ਗਾਜ਼ੀਆਬਾਦ ਵੱਲ ਜਾ ਰਹੀ ਸੀ। ਤਿੰਨ ਲਾਈਨਾਂ ਵਾਲੇ ਇਸ ਸੈਕਸ਼ਨ ਵਿੱਚ ਪਟੜੀ ਟੁੱਟਣ ਕਾਰਨ ਸਾਰੀਆਂ ਲਾਈਨਾਂ ’ਚ ਵਿਘਨ ਪਿਆ। ਉਨ੍ਹਾਂ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਭਲਕ ਤੱਕ ਤਿੰਨੋਂ ਲਾਈਨਾਂ ’ਤੇ ਰੇਲਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਲਗੱਡੀ ਲੀਹੋਂ ਲੱਥਣ ਕਾਰਨ 39 ਯਾਤਰੀ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ, 61 ਦਾ ਰੂਟ ਬਦਲਿਆ ਗਿਆ ਅਤੇ ਸੱਤ ਦਾ ਸਮਾਂ ਬਦਲਿਆ ਗਿਆ ਹੈ। -ਪੀਟੀਆਈ