ਨਵੀਂ ਦਿੱਲੀ, 1 ਅਕਤੂਬਰ
ਕੇਂਦਰ ਸਰਕਾਰ ਨੇ ਨਾਗਾਲੈਂਡ ਦੇ 9 ਜ਼ਿਲ੍ਹਿਆਂ ਵਿੱਚ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਸ) ਐਕਟ ਹੋਰ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਗਾਲੈਂਡ ਦੇ 9 ਜ਼ਿਲ੍ਹਿਆਂ ਦੀਮਾਪੁਰ, ਨੀਊਲੈਂਡ, ਚੂਮਊਕੈਡਿਮਾ, ਮੋਨ, ਕਿਫਾਇਰ, ਨੋਕਲਾਕ, ਫੇਕ, ਪੈਰੇਨ ਅਤੇ ਜ਼ੁਨਹੈਬੋਟੋ ਵਿੱਚ ‘ਅਫਸਪਾ’ ਅੱਜ (1 ਅਕਤੂਬਰ) ਤੋਂ ਅਗਲੇ ਸਾਲ 30 ਮਾਰਚ ਤੱਕ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਨਾਗਲੈਂਡ ਦੇ ਚਾਰ ਹੋਰ ਜ਼ਿਲ੍ਹਿਆਂ ਕੋਹਿਮਾ, ਮਕੋਕਚੁੰਗ, ਲੌਂਗਲੇਂਗ ਅਤੇ ਵੋਖਾ ਵਿੱਚ 16 ਪੁਲੀਸ ਥਾਣਿਆਂ ਅਧੀਨ ਇਲਾਕਿਆਂ ਵਿੱਚ ਵੀ ‘ਅਫਸਪਾ’ ਦੀ ਮਿਆਦ ਵਧਾਈ ਗਈ ਹੈ। ਕੇਂਦਰ ਵੱਲੋਂ ਇਹ ਕਦਮ ਨਾਗਾਲੈਂਡ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਸਮੀਖਿਆ ਮਗਰੋਂ ਚੁੱਕਿਆ ਗਿਆ ਹੈ। -ਪੀਟੀਆਈ