ਮਥੁਰਾ, 23 ਫਰਵਰੀ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਵਿੱਤਰ ਧਰਤੀ ਮਥੁਰਾ ਲੋਕਾਂ ਦਾ ਹੰਕਾਰ ਤੋੜਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਇੰਦਰ ਦੇਵਤਾ ਦਾ ਹੰਕਾਰ ਤੋੜਿਆ ਸੀ ਤੇ ਇੱਥੋਂ ਦੇ ਲੋਕਾਂ ਨੂੰ ਬਚਾਉਣ ਲਈ ਗੋਵਰਧਨ ਪਰਬਤ ਉਠਾ ਲਿਆ ਸੀ। ਸਰਕਾਰ ਵੀ ਹੰਕਾਰੀ ਹੋ ਗਈ ਹੈ ਪਰ ਹੁਣ ਕਿਸਾਨਾਂ ਦਾ ਗੁੱਸਾ ਨਹੀਂ ਝੱਲ ਸਕੇਗੀ ਜੋ ਦੇਸ਼ ਨੂੰ ਜਿਊਂਦਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਖੇਤੀ ਕਾਨੂੰਨਾਂ ਵਿਰੁੱਧ ਲੜੀਵਾਰ ਕਿਸਾਨ ਪੰਚਾਇਤਾਂ ਪੱਛਮੀ ਯੂਪੀ ਦੇ 27 ਜ਼ਿਲ੍ਹਿਆਂ ਵਿਚ ਕਰ ਰਹੀ ਹੈ।
ਕਾਂਗਰਸ ਆਗੂ ਨੇ ਕਿਹਾ ਕਿ 215 ਕਿਸਾਨ ਸੰਘਰਸ਼ ਵਿਚ ਜਾਨ ਗੁਆ ਚੁੱਕੇ ਹਨ ਪਰ ਸੱਤਾਧਾਰੀ ਪਾਰਟੀ ਦੇ ਆਗੂ ਸੰਘਰਸ਼ਸ਼ੀਲ ਕਿਸਾਨਾਂ ਦਾ ਹਾਲ ਜਾਣਨ ਲਈ ਇਕ ਵਾਰ ਵੀ ਦਿੱਲੀ ਦੀਆਂ ਹੱਦਾਂ ਉਤੇ ਨਹੀਂ ਆਏ। ਜਦਕਿ ਪ੍ਰਧਾਨ ਮੰਤਰੀ ਮੋਦੀ ਵੈਸੇ ਪੂਰੇ ਸੰਸਾਰ ਦੀ ਯਾਤਰਾ ਕਰਦੇ ਰਹਿੰਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜ਼ਰੂਰ ਸੰਸਦ ਵਿਚ ਕਿਸਾਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ, ਪਰ ਸੱਤਾਧਾਰੀ ਧਿਰ ਦਾ ਕੋਈ ਮੈਂਬਰ ਉਸ ਵੇਲੇ ਕਿਸਾਨਾਂ ਦੇ ਸਨਮਾਨ ਵਿਚ ਖੜ੍ਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦ ਹੰਕਾਰ ਲੋਕਾਂ ਤੋਂ ਆਗੂਆਂ ਨੂੰ ਦੂਰ ਰੱਖਦਾ ਹੈ ਤਾਂ ਇਹ ਅੰਤ ਦੀ ਨਿਸ਼ਾਨੀ ਹੁੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨਾਲ ਆਮਦਨ ਦੁੱਗਣੀ ਕਰਨਾ ਦਾ ਵਾਅਦਾ ਕੀਤਾ ਸੀ, ਗੰਨੇ ਦਾ ਬਕਾਇਆ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗੰਨੇ ਦਾ 15 ਹਜ਼ਾਰ ਕਰੋੜ ਰੁਪਏ ਬਕਾਇਆ ਦੇਣ ਦੀ ਥਾਂ ਕੇਂਦਰ ਸਰਕਾਰ ਨੇ 16 ਹਜ਼ਾਰ ਕਰੋੜ ਰੁਪਏ ਦੇ ਦੋ ਜਹਾਜ਼ ਪ੍ਰਧਾਨ ਮੰਤਰੀ ਲਈ ਖ਼ਰੀਦ ਲਏ ਹਨ। ਇੱਥੋਂ ਸਰਕਾਰ ਦੀਆਂ ਤਰਜੀਹਾਂ ਦਾ ਪਤਾ ਲੱਗਦਾ ਹੈ। ਪ੍ਰਿਯੰਕਾ ਨੇ ਕਿਹਾ ਕਿ ਖੇਤੀ ਕਾਨੂੰਨ ਸਰਕਾਰ ਦੇ ਪੂੰਜੀਪਤੀ ਮਿੱਤਰਾਂ ਨੂੰ ਲਾਹਾ ਦੇਣ ਲਈ ਬਣਾਏ ਗਏ ਹਨ।
-ਪੀਟੀਆਈ
ਜਬਰ-ਜਨਾਹ ਪੀੜਤਾ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ
ਕਿਸਾਨ ਰੈਲੀ ਦੌਰਾਨ ਰਾਜਸਥਾਨ ਦੀ ਇਕ ਜਬਰ-ਜਨਾਹ ਪੀੜਤਾ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਤੋਂ ਅੱਜ ਇਨਸਾਫ਼ ਦੀ ਮੰਗ ਕੀਤੀ। ਇਸ ਦੌਰਾਨ ਪ੍ਰਿਯੰਕਾ ਭਾਸ਼ਣ ਰੋਕ ਕੇ ਮੰਚ ਤੋਂ ਹੇਠਾਂ ਆਈ ਤੇ ਔਰਤ ਨੂੰ ਮਿਲੀ। ਕਾਂਗਰਸੀ ਆਗੂ ਨੇ ਮਹਿਲਾ ਤੋਂ ਕਾਗਜ਼ਾਤ ਲਏ ਅਤੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਕਾਨੂੰਨੀ ਘੇਰੇ ਵਿਚ ਲਿਆਂਦਾ ਜਾਵੇਗਾ।