ਹੈਦਰਾਬਾਦ, 26 ਅਕਤੂਬਰ
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਭਲਕ ਤੋਂ ਤਿਲੰਗਾਨਾ ਵਿਚ ਮੁੜ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਦੀਵਾਲੀ ਕਾਰਨ ਇਹ ਤਿੰਨ ਦਿਨ ਰੁਕੀ ਰਹੀ ਹੈ। ਯਾਤਰਾ ਭਲਕੇ ਤਿਲੰਗਾਨਾ ਦੇ ਨਰਾਇਣਪੇਟ ਜ਼ਿਲ੍ਹੇ ਤੋਂ ਤੁਰੇਗੀ। ਰਾਹੁਲ ਗਾਂਧੀ ਦੀ ਅਗਵਾਈ ਵਿਚ ਪੈਦਲ ਯਾਤਰਾ 23 ਅਕਤੂਬਰ ਸਵੇਰੇ ਤਿਲੰਗਾਨਾ ਵਿਚ ਦਾਖਲ ਹੋਈ ਸੀ। ਇਸ ਤੋਂ ਪਹਿਲਾਂ ਇਸ ਨੇ ਕਰਨਾਟਕ ਸੂਬੇ ਵਿਚ ਲੰਮਾ ਪੈਂਡਾ ਤੈਅ ਕੀਤਾ। ਸੂਤਰਾਂ ਮੁਤਾਬਕ ਯਾਤਰਾ ਸਵੇਰੇ ਮਕਥਲ ਤੋਂ ਸਾਢੇ ਛੇ ਵਜੇ ਚੱਲੇਗੀ। ਤਿੰਨ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਇਹ ਕੰਨਿਆਕਾ ਪਰਮੇਸ਼ਵਰੀ ਮੰਦਰ ਕੋਲ ਰੁਕੇਗੀ। ਰਾਹੁਲ ਗਾਂਧੀ ਦੇ ਮੰਦਰ ’ਚ ਮੱਥਾ ਟੇਕਣ ਦੀ ਸੰਭਾਵਨਾ ਹੈ। ਤਿਲੰਗਾਨਾ ਕਾਂਗਰਸ ਮੁਤਾਬਕ ਗਾਂਧੀ ਦੀ ਅਗਵਾਈ ਵਿਚ ਪੈਦਲ ਯਾਤਰਾ ਵੀਰਵਾਰ ਨੂੰ 26.7 ਕਿਲੋਮੀਟਰ ਚੱਲ ਕੇ ਸ੍ਰੀ ਬਾਲਾਜੀ ਫੈਕਟਰੀ ’ਚ ਰੁਕੇਗੀ। ਤਿਲੰਗਾਨਾ ਵਿਚ ‘ਭਾਰਤ ਜੋੜੋ ਯਾਤਰਾ’ 16 ਦਿਨ ਲਈ ਹੋਵੇਗੀ। ਇਹ 19 ਵਿਧਾਨ ਸਭਾ ਹਲਕਿਆਂ ਤੇ ਸੱਤ ਸੰਸਦੀ ਹਲਕਿਆਂ ਵਿਚੋਂ ਗੁਜ਼ਰੇਗੀ। ਇਸ ਤਰ੍ਹਾਂ 7 ਨਵੰਬਰ ਤੱਕ ਇਹ 375 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਮਹਾਰਾਸ਼ਟਰ ਵਿਚ ਦਾਖਲ ਹੋ ਜਾਵੇਗੀ। ਚਾਰ ਨਵੰਬਰ ਨੂੰ ਪੈਦਲ ਮਾਰਚ ਇਕ ਦਿਨ ਲਈ ਰੁਕੇਗਾ। -ਪੀਟੀਆਈ