ਸ੍ਰੀਨਗਰ, 16 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅਤਿਵਾਦੀਆਂ ਨੂੰ ਵਿੱਤੀ ਮਦਦ ’ਤੇ ਲਗਾਮ ਕੱਸਣ ਮਗਰੋਂ ਪਾਕਿਸਤਾਨ ਨੇ ਡੀਐੱਸਪੀ ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤੇ ਇਰਫਾਨ ਸ਼ਫੀ ਮੀਰ ਦੇ ਉਸ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਸੀ ਜਿਸ ਵਿੱਚ ‘ਬਲੀਡਿੰਗ ਹਾਰਟ’ ਨਾਮੀ ਨਵਾਂ ਸੰਗਠਨ ਸਥਾਪਤ ਕਰਨ ਦੀ ਗੱਲ ਕਹੀ ਗਈ ਸੀ। ਪਾਕਿਸਤਾਨ 2018 ’ਚ ਸਮਝ ਚੁੱਕਾ ਸੀ ਕਿ ਆਈਐੱਸਆਈ ਵੱਲੋਂ ਖੜ੍ਹੇ ਕੀਤੇ ਗਏ ਹੁਰੀਅਤ ਕਾਨਫਰੰਸ ਨਾਲ ਉਸਦਾ ਕੋਈ ਵਿਸ਼ੇਸ਼ ਮਕਸਦ ਹੱਲ ਨਹੀਂ ਹੋਣ ਵਾਲਾ। ਦੋਹਰੇ ਏਜੰਟ ਵਜੋਂ ਉੱਭਰ ਕੇ ਸਾਹਮਣੇ ਆਏ ਮੀਰ ਨੇ ਪਾਕਿਸਤਾਨ ਦੇ ਕਈ ਦੌਰੇ ਕੀਤੇ ਅਤੇ ਇਸ ਦੌਰਾਨ ਉਹ ਆਈਐੱਸਆਈ ਦੇ ਅਧਿਕਾਰੀਆਂ ਨਾਲ-ਨਾਲ ਉੱਚ ਅਤਿਵਾਦੀ ਲੀਡਰਸ਼ਿਪ ਦੇ ਸੰਪਰਕ ’ਚ ਆਇਆ। ਅਤਿਵਾਦੀ ਲੀਡਰਸ਼ਿਪ ਨੇ ਸ਼ਿਕਾਇਤ ਕੀਤੀ ਕਿ ਐੱਨਆਈਏ ਵੱਲੋਂ ਅਤਿਵਾਦੀ ਫੰਡਿੰਗ ਦਾ ਇੱਕ ਕੇਸ ਦਰਜ ਕਰਨ ਮਗਰੋਂ 2017 ’ਚ ਦੇਸ਼ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਮੁਹਿੰਮ ਛੇੜਨ ਨਾਲ ਕਸ਼ਮੀਰ ਘਾਟੀ ’ਚ ਵੱਖਵਾਦੀ ਗੁੱਟ ਅਸਫਲ ਹੋ ਚੁੱਕੇ ਹਨ।
ਜੰਮੂ ਵਿੱਚ ਇੱਕ ਵਿਸ਼ੇਸ਼ ਅਦਾਲਤ ’ਚ ਐੱਨਆਈਏ ਵੱਲੋਂ ਦਾਇਰ ਦੋਸ਼ ਪੱਤਰ ਮੁਤਾਬਕ 2018 ’ਚ ਪਾਕਿਸਤਾਨ ਦੇ ਇੱਕ ਦੌਰੇ ਦੌਰਾਨ ਮੀਰ ਨੇ ਆਈਐੱਸਆਈ ਦੇ ਸੀਨੀਅਰ ਅਧਿਕਾਰੀਆਂ ਅਤੇ ਅਤਿਵਾਦੀ ਸਰਗਨਿਆਂ ਨਾਲ ‘ਬਲੀਡਿੰਗ ਹਾਰਟ’ ਨਾਮ ਦਾ ਇੱਕ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਸਥਾਪਤ ਕਰਨ ’ਤੇ ਚਰਚਾ ਕੀਤੀ ਸੀ, ਜੋ ਹੁਰੀਅਤ ਕਾਨਫਰੰਸ ਦੀ ਜ਼ਿੰਮੇਵਾਰੀ ਨਿਭਾਏਗਾ।
3064 ਪੰਨਿਆਂ ਦੇ ਦੋਸ਼ ਪੱਤਰ ਮੁਤਾਬਕ ਮੀਰ ਉਰਫ਼ ‘ਐਡਵੋਕੇਟ’ ਨੇ ਸਹਿਮਤੀ ਮਿਲਣ ’ਤੇ ਇਸ ਬਾਰੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਐੱਨਆਈਏ ਨੇ ਮੀਰ, ਦਿਲਬਾਗ ਸਿੰਘ, ਨਵੀਦ, ਉਸਦੇ ਭਰਾ ਸਈਦ ਇਰਫਾਨ ਅਹਿਮਦ, ਰਾਥੇਰ ਅਤੇ ਕਾਰੋਬਾਰੀ ਤਨਵੀਰ ਅਹਿਮਦ ਵਾਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਪੱਤਰ ਦਾਖਲ ਕੀਤਾ ਹੈ। ਵਾਨੀ ਕੰਟਰੋਲ ਰੇਖਾ ਵਪਾਰੀ ਸੰਘ ਦਾ ਸਾਬਕਾ ਪ੍ਰਧਾਨ ਸੀ। ਜਾਂਚ ਏਜੰਸੀ ਮੁਤਾਬਕ, ‘ਮੁਲਜ਼ਮ ਪਾਕਿਸਤਾਨ ਵਿਚਲੇ ਅਤਿਵਾਦੀ ਗੁੱਟ ਹਿਜ਼ਬੁਲ ਮੁਜਾਹਿਦੀਨ ਅਤੇ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਰਚੀ ਗਈ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ‘ਹਿੰਸਕ ਕਾਰਵਾਈਆਂ ਕਰਨਾ ਅਤੇ ਭਾਰਤ ਵਿਰੁੱਧ ਜੰਗ ਛੇੜਨਾ ਸੀ।’ -ਪੀਟੀਆਈ