ਲਖਨਊ, 26 ਦਸੰਬਰ
ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਬੁਲਡੋਜ਼ਰਨਾਥ’ ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਲੜਕੀਆਂ ਦੇ ਸੁਪਨਿਆਂ ਨੂੰ ਦਰੜ ਦਿੱਤਾ ਹੈ ਜਿਨ੍ਹਾਂ ਲਖਨਊ ’ਚ ਪਾਰਟੀ ਵੱਲੋਂ ਕਰਵਾਈ ਗਈ ਮੈਰਾਥਨ ਦੌੜ ’ਚ ਹਿੱਸਾ ਲੈਣਾ ਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੂਪੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਲੜਕੀਆਂ ਇਸ ਨੂੰ ਸਹਿਣ ਨਹੀਂ ਕਰਨਗੀਆਂ ਅਤੇ ਉਹ ਆਪਣੇ ਹੱਕਾਂ ਲਈ ਲੜਨਗੀਆਂ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਖਨਊ ’ਚ ਅਧਿਕਾਰੀਆਂ ਨੇ ਕਾਂਗਰਸ ਨੂੰ ਮੈਰਾਥਨ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਂਜ ਝਾਂਸੀ ’ਚ ਪਾਰਟੀ ਦੀ ‘ਲੜਕੀ ਹੂੰ, ਲੜ ਸਕਤੀ ਹੂੰ’ ਚੋਣ ਮੁਹਿੰਮ ਤਹਿਤ ਮੈਰਾਥਨ ਕਰਵਾਈ ਗਈ। ਕਾਂਗਰਸ ਨੇ ਟਵੀਟ ਕਰਕੇ ਕਿਹਾ,‘‘ਬੁਲਡੋਜ਼ਰਨਾਥ ਦੀ ਤਬਾਹਕੁੰਨ ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਵਾਰ ਵਾਰ ਦਰੜ ਰਹੀ ਹੈ। ਕਦੇ ਪੇਪਰ ਲੀਕ, ਕਦੇ ਭਰਤੀ ਦੇ ਨਤੀਜੇ ਨਾ ਐਲਾਨਣ ਅਤੇ ਕਦੇ ਉਨ੍ਹਾਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ।’’ ਕਾਂਗਰਸ ਨੇ ਕਿਹਾ ਕਿ ਜਿਨ੍ਹਾਂ ਝਾਂਸੀ ਦੀ ਮੈਰਾਥਨ ’ਚ ਹਿੱਸਾ ਲਿਆ, ਉਨ੍ਹਾਂ ਮੁੱਖ ਮੰਤਰੀ ਅੰਦਰ ਡਰ ਪੈਦਾ ਕਰ ਦਿੱਤਾ ਹੈ। ਇਕ ਹੋਰ ਟਵੀਟ ’ਚ ਕਾਂਗਰਸ ਨੇ ਕਿਹਾ ਕਿ ਜਦੋਂ ਕਿਸੇ ਦਾ ਸਮਾਂ ਆਉਂਦਾ ਹੈ ਤਾਂ ਉਸ ਨੂੰ ਧਰਤੀ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀ ਸੱਤਾ ’ਤੇ ਦਾਅਵਾ ਪੇਸ਼ ਕਰਨ ਲਈ ਤਿਆਰ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਰਾਥਨ ’ਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੇ ਰਾਣੀ ਲਕਸ਼ਮੀਬਾਈ ਤੋਂ ਪ੍ਰੇਰਣਾ ਲਈ ਹੈ ਜੋ ਝਾਂਸੀ ਤੋਂ ਸਨ ਅਤੇ ਜਿਨ੍ਹਾਂ ਅੰਗਰੇਜ਼ਾਂ ਖ਼ਿਲਾਫ਼ ਲੋਹਾ ਲਿਆ ਸੀ। ਉਨ੍ਹਾਂ ਕਿਹਾ ਕਿ ਲੜਕੀਆਂ ਮੈਰਾਥਨ ਤੱਕ ਨਹੀਂ ਰੁਕਣਗੀਆਂ ਅਤੇ ਉਹ ਦੇਸ਼ ਦੀ ਸਿਆਸਤ ਵੱਲ ਦੌੜਦੀਆਂ ਹੋਈਆਂ ਇਸ ਨੂੰ ਨਵੀਂ ਸੇਧ ਪ੍ਰਦਾਨ ਕਰਨਗੀਆਂ। ਯੂਪੀ ਕਾਂਗਰਸ ਨੇ ਇਸ ਮੌਕੇ ਹੈਸ਼ਟੈਗ ‘ਲੜਕੀ ਸੇ ਡਰਤਾ ਹੈ ਯੋਗੀ’ ਦੀ ਵਰਤੋਂ ਕਰਦਿਆਂ ਲਖਨਊ ’ਚ ਮੈਰਾਥਨ ਦੀ ਇਜਾਜ਼ਤ ਨਾ ਦੇਣ ਦੀ ਨਿਖੇਧੀ ਕੀਤੀ ਹੈ। -ਪੀਟੀਆਈ