ਛਪਰਾ/ਸਮਸਤੀਪੁਰ/ਬਗਹਾ, 1 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਬਾਰੇ ਪਾਕਿਸਤਾਨ ਦੇ ਕਬੂਲਨਾਮੇ ਮਗਰੋਂ ਵਿਰੋਧੀ ਧਿਰ ਨੂੰ ਭੰਡਦਿਆਂ ਕਿਹਾ ਕਿ ਭਾਰਤ ’ਚ ਉਨ੍ਹਾਂ ਵਿਅਕਤੀਆਂ ਦੇ ਚਿਹਰਿਆਂ ਤੋਂ ‘ਨਕਾਬ’ ਉਤਰ ਗਏ ਹਨ ਜਿਨ੍ਹਾਂ ਹਮਲੇ ’ਚ ਜਾਨਾਂ ਗੁਆਉਣ ਵਾਲੇ ‘ਬਿਹਾਰ ਦੇ ਸਪੂਤਾਂ’ ਦੀ ਕਦੇ ਵੀ ਫਿਕਰ ਨਹੀਂ ਕੀਤੀ ਸੀ। ਛਪਰਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ‘ਛੱਠ ਪੂਜਾ’ ਦਾ ਜ਼ਿਕਰ ਕਰਦਿਆਂ ਮਾਵਾਂ ਨੂੰ ਕਿਹਾ ਕਿ ਉਹ ਕਰੋਨਾ ਮਹਾਮਾਰੀ ਦੇ ਬਾਵਜੂਦ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਕਿਉਕਿ ਉਨ੍ਹਾਂ ਦਾ ਪੁੱਤਰ (ਮੋਦੀ) ਦਿੱਲੀ ’ਚ ਬੈਠ ਕੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਿਹਾ ਹੈ। ਸਮਸਤੀਪੁਰ ’ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਕ ਪਾਸੇ ਐੱਨਡੀਏ ਹੈ ਜੋ ਲੋਕਤੰਤਰ ਪ੍ਰਤੀ ਵਚਨਬੱਧ ਹੈ ਜਦਕਿ ਦੂਜੇ ਪਾਸੇ ਉਹ ਗੱਠਜੋੜ ਹੈ ਜੋ ਸਿਰਫ਼ ਆਪਣੇ ਪਰਿਵਾਰਾਂ ਦੀ ਹੀ ਫਿਕਰ ਕਰਦਾ ਹੈ। ਉਨ੍ਹਾਂ ਕਿਹਾ,‘‘ਕੀ ਨਿਤੀਸ਼ ਕੁਮਾਰ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਰਾਜ ਸਭਾ ’ਚ ਭੇਜਿਆ ਹੈ? ਕੀ ਤੁਹਾਨੂੰ ਮੋਦੀ ਦਾ ਕੋਈ ਰਿਸ਼ਤੇਦਾਰ ਸੰਸਦ ’ਚ ਦਿਖਦਾ ਹੈ?’’ ਪ੍ਰਧਾਨ ਮੰਤਰੀ ਨੇ ਆਰਜੇਡੀ-ਕਾਂਗਰਸ ਗੱਠਜੋੜ ਨੂੰ ‘ਡਬਲ-ਡਬਲ ਯੁਵਰਾਜ’ ਦਾ ਗੱਠਜੋੜ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਆਪਣੀਆਂ ਆਪਣੀਆਂ ਕੁਰਸੀਆਂ ਬਚਾਉਣ ਦੀ ਫਿਕਰ ਹੈ ਜਦਕਿ ਐੱਨਡੀਏ ਦੀ ਡਬਲ ਇੰਜਣ ਸਰਕਾਰ ਨੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਤੇਜਸਵੀ ਯਾਦਵ ਅਤੇ ਰਾਹੁਲ ਗਾਂਧੀ ਵੱਲ ਸੀ ਜਿਨ੍ਹਾਂ ਕੁਝ ਦਿਨ ਪਹਿਲਾਂ ਇਕੱਠਿਆਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ। ਸ੍ਰੀ ਮੋਦੀ ਨੇ ਕਿਹਾ,‘‘ਇਕ ਯੁਵਰਾਜ (ਰਾਹੁਲ) ਕੁਝ ਸਾਲ ਪਹਿਲਾਂ ਯੂਪੀ ’ਚ ਨਾਕਾਮ ਰਿਹਾ ਸੀ ਅਤੇ ਹੁਣ ਉਹ ਬਿਹਾਰ ’ਚ ‘ਜੰਗਲ ਰਾਜ ਦੇ ਯੁਵਰਾਜ’ (ਤੇਜਸਵੀ) ਨੂੰ ਹਮਾਇਤ ਦੇ ਰਿਹਾ ਹੈ। ਇਥੇ ਉਹ ਮੁੜ ਨਾਕਾਮ ਰਹਿਣਗੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਸਿਰਫ਼ ਚੋਣਾਂ ਦੌਰਾਨ ਹੀ ਗਰੀਬਾਂ ਨੂੰ ਚੇਤੇ ਕਰਦਾ ਹੈ ਅਤੇ ਚੋਣਾਂ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਭੁਲਾ ਦਿੱਤਾ ਜਾਂਦਾ ਹੈ। ਸਰਦਾਰ ਪਟੇਲ ਦੀ ਜੈਅੰਤੀ ਮੌਕੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਭੁਲਾ ਦੇਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕੀ ਊਹ ਆਰਐੱਸਐੱਸ, ਜਨਸੰਘ ਜਾਂ ਭਾਜਪਾ ਦੇ ਆਗੂ ਸਨ। ‘ਬਿਲਕੁਲ ਨਹੀਂ। ਸਰਦਾਰ ਪਟੇਲ ਕਾਂਗਰਸੀ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਜੈਅੰਤੀ ਮੌਕੇ ਬਿਲਕੁਲ ਵਿਸਾਰ ਦਿੱਤਾ।’ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਵੋਟਰਾਂ ਨੇ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ ਅਤੇ ਐੱਨਡੀਏ ਮੁੜ ਸੱਤਾ ’ਚ ਆਉਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਦੇ ‘ਤਪ’ ਅਤੇ ‘ਤਪੱਸਿਆ’ ਮਗਰੋਂ ਮੰਦਰ ਦੀ ਉਸਾਰੀ ਸ਼ੁਰੂ ਹੋ ਸਕੀ ਹੈ। ਦੀਵਾਲੀ ਅਤੇ ਛੱਠ ਪੂਜਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਮੁਫ਼ਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਉਨ੍ਹਾਂ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਰਜੇਡੀ ਦੇ ਖੱਬੇ-ਪੱਖੀਆਂ ਨਾਲ ਗੱਠਜੋੜ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਾਓਵਾਦੀਆਂ ਦੇ ਹਮਾਇਤੀਆਂ, ਜੋ ਮੁਲਕ ਦੇ ਟੋਟੇ ਕਰਨਾ ਚਾਹੁੰਦੇ ਹਨ, ਨੇ ਜੰਗਲ ਰਾਜ ਦੇ ਲੋਕਾਂ ਨਾਲ ਹੱਥ ਮਿਲਾਏ ਹਨ। -ਪੀਟੀਆਈ