ਨਵੀਂ ਦਿੱਲੀ, 15 ਜੂਨ
ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਵਿਸ਼ੇਸ਼ ‘ਅਗਨੀਪੱਥ’ ਯੋਜਨਾ ਤਹਿਤ ਘੱਟ ਸਮੇਂ ਲਈ ਠੇਕੇ ’ਤੇ ਭਾਰਤੀ ਹੋਣ ਵਾਲੇ ‘ਅਗਨੀਵੀਰਾਂ’ ਨੂੰ ਕੇਂਦਰੀ ਹਥਿਆਰਬੰਦ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ’ਚ ਪਹਿਲ ਮਿਲੇਗੀ। ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਇਹ ਐਲਾਨ ਕੀਤਾ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਅਗਨੀਵੀਰਾਂ ਨੂੰ ਸੂਬਿਆਂ ਦੀ ਪੁਲੀਸ ਦੀ ਭਰਤੀ ਅਤੇ ਹੋਰ ਸਬੰਧਤ ਭਰਤੀਆਂ ’ਚ ਪਹਿਲ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਦੱਸਿਆ ਕਿ ਯੋਜਨਾ ਤਹਿਤ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲਿਆਂ ਨੂੰ ਭਰਤੀ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਵੇਗੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਨੇ ਅੱਜ ਇਕ ਟਵੀਟ ਵਿੱਚ ਕਿਹਾ, ‘‘ਇਸ ਸਬੰਧੀ ਅੱਜ ਗ੍ਰਹਿ ਮੰਤਰਾਲੇ ਨੇ ਫ਼ੈਸਲਾ ਲਿਆ ਹੈ ਕਿ ਇਸ ਯੋਜਨਾ ਤਹਿਤ ਚਾਰ ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ ਸੀਏਪੀਐੱਫ ਅਤੇ ਅਸਾਮ ਰਾਈਫਲਸ ਦੀ ਭਰਤੀ ਵਿੱਚ ਪਹਿਲ ਦਿੱਤੀ ਜਾਵੇਗੀ। ਫੈਸਲੇ ’ਤੇ ਵਿਸਥਾਰਤ ਯੋਜਨਾ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।’’ -ਪੀਟੀਆਈ
ਅਗਲੇ ਕੁਝ ਮਹੀਨਿਆਂ ’ਚ ਭਰਤੀ ਕੀਤੇ ਜਾਣਗੇ 40 ਹਜ਼ਾਰ ਜਵਾਨ: ਲੈਫ਼ਟੀਨੈਂਟ ਜਨਰਲ ਰਾਜੂ
ਕੇਂਦਰ ਸਰਕਾਰ ਵੱਲੋਂ ‘ਅਗਨੀਪੱਥ’ ਯੋਜਨਾ ਤਹਿਤ ਭਾਰਤੀ ਫ਼ੌਜ ਵਿੱਚ ਚਾਰ ਸਾਲ ਦੇ ਠੇਕੇ ’ਤੇ ਜਵਾਨਾਂ ਦੀ ਭਰਤੀ ਕਰਨ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਭਾਰਤੀ ਫ਼ੌਜ ਨੇ ਕਿਹਾ ਕਿ ਆਉਂਦੇ ਕੁਝ ਮਹੀਨਿਆਂ ’ਚ 40,000 ਜਵਾਨ ਭਰਤੀ ਕੀਤੇ ਜਾਣਗੇ। ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਲੈਫ਼ਟੀਨੈਂਟ ਜਨਰਲ ਬੀ.ਐੱਸ. ਰਾਜੂ ਨੇ ਦੱਸਿਆ, ‘‘ਭਾਰਤੀ ਫ਼ੌਜ ਵੱਲੋਂ ਅਗਲੇ 180 ਦਿਨਾਂ ਵਿੱਚ 25,000 ਅਗਨੀਵੀਰ ਭਰਤੀ ਕੀਤੇ ਜਾਣਗੇ ਅਤੇ ਬਾਕੀ 15,000 ਦੀ ਭਰਤੀ ਲਈ ਪ੍ਰਕਿਰਿਆ ਇਕ ਮਹੀਨੇ ਬਾਅਦ ਸ਼ੁਰੂ ਹੋਵੇਗੀ।’’ ਉਨ੍ਹਾਂ ਕਿਹਾ ਕਿ ਇਹ ਭਰਤੀ ਮੁਹਿੰਮ ਦੇਸ਼ ਭਰ ਦੇ ਸਾਰੇ 773 ਜ਼ਿਲ੍ਹਿਆਂ ’ਚ ਚਲਾਈ ਜਾਵੇਗੀ।
ਬੈਚਲਰ ਡਿਗਰੀ ਪ੍ਰੋਗਰਾਮ ਸ਼ੁਰੂ ਕਰੇਗਾ ਸਿੱਖਿਆ ਮੰਤਰਾਲਾ
‘ਅਗਨੀਵੀਰਾਂ’ ਦੇ ਭਵਿੱਖ ਦੇ ਹੀਲੇ-ਵਸੀਲੇ ਨੂੰ ਦੇਖਦੇ ਹੋਏ ਸਿੱਖਿਆ ਮੰਰਤਾਲੇ ਵੱਲੋਂ ਤਿੰਨ ਸਾਲ ਦਾ ਵਿਸ਼ੇਸ਼ ਹੁਨਰ ਆਧਾਰਤ ਬੈਚਲਰ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਸ ਡਿਗਰੀ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਉਸ ਹੁਨਰ ਨੂੰ ਮਾਨਤਾ ਦਿੱਤੀ ਜਾਵੇਗੀ ਜਿਸ ਸਬੰਧੀ ਸਿਖਲਾਈ ਉਨ੍ਹਾਂ ਨੇ ਫ਼ੌਜ ਵਿੱਚ ਸੇਵਾ ਨਿਭਾਉਂਦੇ ਹੋਏ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਡਿਗਰੀ ਪ੍ਰੋਗਰਾਮ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਵੱਲੋਂ ਸ਼ੁਰੂ ਕੀਤਾ ਜਾਵੇਗਾ ਜਿਸ ਨੂੰ ਰੁਜ਼ਗਾਰ ਤੇ ਪੜ੍ਹਾਈ ਲਈ ਭਾਰਤ ਤੇ ਵਿਦੇਸ਼ ਵਿੱਚ ਮਾਨਤਾ ਮਿਲੇਗੀ।