ਉਨਾਓ, 20 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਭਾਜਪਾ ਨੇ ਸੂਬੇ ਦੇ ਵਿਕਾਸ ਨੂੰ ਰੋਕ ਦਿੱਤਾ ਹੈ ਤੇ ਇਸ ਨੂੰ ਸੱਤਾ ਤੋਂ ਉਸੇ ਤਰ੍ਹਾਂ ਹਟਾਇਆ ਜਾਵੇਗਾ ਜਿਵੇਂ ਖੇਤੀ ਕਾਨੂੰਨ ਵਾਪਸ ਲਏ ਗਏ ਸਨ। ਅਖਿਲੇਸ਼ ਨੇ ਕਿਹਾ ਕਿ ‘ਕਾਕਾ’ (ਕਾਲੇ ਕਾਨੂੰਨ) ਚਲੇ ਗਏ ਹਨ ਤੇ ‘ਬਾਬਾ’ ਵੀ ਚਲਾ ਜਾਵੇਗਾ। ਇੱਥੇ ਇਕ ਚੋਣ ਰੈਲੀ ਵਿਚ ਅਖਿਲੇਸ਼ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਤੇ ਵਿਅੰਗ ਕਸਦਿਆਂ ਇਹ ਟਿੱਪਣੀ ਕੀਤੀ। ਅਖਿਲੇਸ਼ ਨੇ ਕਿਹਾ, ‘ਬਾਬਾ ਮੁੱਖ ਮੰਤਰੀ ਕਹਿੰਦੇ ਹਨ ਕਿ ਮੈਂ ਰਾਤ ਨੂੰ 12 ਵਜੇ ਉੱਠਦਾ ਹਾਂ। ਮੈਂ ਵੀ ਉਨ੍ਹਾਂ ਦਾ ਗੁਆਂਢੀ ਹਾਂ ਤੇ ਮੈਂ ਸਮੇਂ-ਸਮੇਂ ਉਨ੍ਹਾਂ ਦੀ ਰਿਹਾਇਸ਼ ਵਿਚੋਂ ਧੂੰਆਂ ਨਿਕਲਦਾ ਦੇਖਿਆ ਹੈ। ਉਹ 24 ਘੰਟੇ ਕੰਮ ਕਰ ਰਹੇ ਹਨ ਤੇ ਇਸੇ ਲਈ ਨੌਜਵਾਨਾਂ ਨੂੰ ਯੂਪੀ ਵਿਚ ਨੌਕਰੀ ਨਹੀਂ ਮਿਲ ਰਹੀ।’ ਅਖਿਲੇਸ਼ ਨੇ ਕਿਹਾ ਕਿ ਸਪਾ ਨੂੰ ਪਹਿਲਾਂ ਹੀ ਯੂਪੀ ਵਿਚ ਬਹੁਮਤ ਮਿਲ ਚੁੱਕਾ ਹੈ। ਭਾਜਪਾ ਆਗੂ ਪਹਿਲੇ ਦੋ ਗੇੜ ਦੀਆਂ ਚੋਣਾਂ ਮਗਰੋਂ ਹੀ ਸਾਰੀ ਉਮੀਦ ਛੱਡ ਚੁੱਕੇ ਹਨ। ਚੋਣਾਂ ਦੇ ਆਖਰੀ ਗੇੜ ਤੱਕ ਭਾਜਪਾ ਦੇ ਬੂਥਾਂ ਉਤੇ ਭੂਤ ਨੱਚਦੇ ਨਜ਼ਰ ਆਉਣਗੇ।’ ਯਾਦਵ ਨੇ ਕਿਹਾ ਕਿ ਭਾਜਪਾ ਨੇ ਗਰੀਬਾਂ ਨੂੰ ਵੀ ਲੁੱਟਿਆ ਹੈ। ਉਨ੍ਹਾਂ ਮੁਫ਼ਤ ਸਿਲੰਡਰ ਦਿੱਤੇ ਪਰ ਐਲਪੀਜੀ ਦਾ ਭਾਅ ਵਧਾ ਦਿੱਤਾ। ਲੋਕ ਸਿਲੰਡਰ ਦੁਬਾਰਾ ਭਰਾਉਣ ਜੋਗੇ ਨਹੀਂ ਛੱਡੇ। ਕਿਸਾਨ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਪਾ’ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਮੁਫ਼ਤ ਖਾਦ ਦੇਵੇਗੀ। ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਹੁਣ ਰੇਲਵੇ ਸਟੇਸ਼ਨ ਤੱਕ ਵੇਚ ਰਹੀ ਹੈ। ਭਾਜਪਾ ਆਗੂਆਂ ਨੂੰ ‘ਝੂਠੇ’ ਕਰਾਰ ਦਿੰਦਿਆਂ ਯਾਦਵ ਨੇ ਕਿਹਾ ਕਿ ਉਹ ਯੂਪੀ ਵਿਚ ਪਾਕਿਸਤਾਨ ਤੇ ਅਤਿਵਾਦ ਦੀਆਂ ਗੱਲਾਂ ਕਰ ਰਹੇ ਹਨ ਜਦਕਿ ਲੋਕਾਂ ਨੂੰ ਇੱਥੇ ਖਾਦ ਦੇ ਨੌਕਰੀਆਂ ਚਾਹੀਦੀਆਂ ਹਨ। ਲੋਕ ਭਾਜਪਾ ਨੂੰ ਸਬਕ ਸਿਖਾਉਣਗੇ। -ਪੀਟੀਆਈ