ਸ੍ਰੀਨਗਰ, 3 ਨਵੰਬਰ
ਗੁਪਕਾਰ ਐਲਾਨਨਾਮਾ ਗੱਠਜੋੜ (ਪੀਏਜੀਡੀ) ਨੇ ਅੱਜ ਜੰਮੂ-ਕਸ਼ਮੀਰ ਸਰਕਾਰ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਖੇਤੀਯੋਗ ਜ਼ਮੀਨ ਦਾ ਵੱਡਾ ਹਿੱਸਾ ਕੇਂਦਰੀ ਸ਼ਾਸਿਤ ਪ੍ਰਦੇਸ਼ ਤੋਂ ਬਾਹਰਲੇ ਲੋਕਾਂ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ। ਪੀਏਜੀਡੀ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਸਣੇ ਮੁੱਖ ਧਾਰਾ ਦੀਆਂ ਸੱਤ ਪਾਰਟੀਆਂ ਦਾ ਗੱਠਜੋੜ ਹੈ। ਪੀਏਜੀਡੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੰਮੂ ਕਸ਼ਮੀਰ ਦੇ ਭੂਮੀ ਕਾਨੂੰਨ ਪੂਰੇ ਭਾਰਤੀ ਉਪ-ਮਹਾਦੀਪ ਵਿਚੋਂ ਸਭ ਤੋਂ ਵਿਕਾਸਸ਼ੀਲ, ਲੋਕ ਪੱਖੀ ਅਤੇ ਕਿਸਾਨ ਪੱਖੀ ਹਨ। ਪੀਏਜੀਡੀ ਨੇ ਕਿਹਾ, ‘ਉਹ ਗ੍ਰਹਿ ਮੰਤਰਾਲੇ ਦੇ ਹੁਕਮ ’ਤੇ ਅਧਿਕਾਰਤ ਤਰਜਮਾਨ ਵੱਲੋਂ 26 ਅਕਤੂਬਰ ਨੂੰ ਜਾਰੀ ਬਿਆਨ ਨੂੰ ਰੱਦ ਕਰਦਾ ਹੈ ਕਿਉਂਕਿ ਇਸ ਵਿੱਚ ਤੱਥਾਂ ਦੀ ਗਲਤ ਢੰਗ ਨਾਲ ਪੇਸ਼ ਕਰਨ, ਝੂਠ ਫੈਲਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।’ਗਠਜੋੜ ਨੇ ਕਿਹਾ ਕਿ ਮੂਲ ਭੂਮੀ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਹੋਰ ਕਾਨੂੰਨਾਂ ’ਚ ਵੱਡੇ ਪੈਮਾਨੇ ’ਤੇ ਸੋਧ ਕਰਨ ਦਾ ਮਕਸਦ ‘ਜਨਸੰਖਿਆ ਪਰਿਵਰਤਨ’ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਮਜ਼ੋਰ ਕਰਨਾ ਹੈ। ਬਿਆਨ ’ਚ ਕਿਹਾ ਗਿਆ, ‘ਭੂਮੀ ਕਾਨੂੰਨਾਂ ’ਚ ਸਮੇਂ ਸਿਰ ਸੁਧਾਰ ਕਾਰਨ ਜੰਮੂ-ਕਸ਼ਮੀਰ ’ਚ ਭੁੱਖਮਰੀ ਕਾਰਨ ਮੌਤਾਂ ਨਹੀਂ ਹੋਈਆਂ ਅਤੇ ਕਿਸੇ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦੀ ਰਿਪੋਰਟ ਨਹੀਂ ਹੈ। ਜੰਮੂ ਕਸ਼ਮੀਰ ’ਚ ਹਰ ਕਿਸੇ ਕੋਲ ਤਿੰਨ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਉਪਲੱਬਧ ਹਨ। ਪਰ ਹੁਣ ਕੇਂਦਰ ਸਰਕਾਰ ਸੁਧਾਰ ’ਤੇ ਨਾਂ ’ਤੇ ਭੂਮੀ ਕਾਨੂੰਨ ’ਤੇ ਵੱਡਾ ਹਮਲਾ ਕਰ ਰਹੀ ਹੈ।’ -ਪੀਟੀਆਈ
ਸਾਡੀ ਮੌਜੂਦਾ ਲੜਾਈ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਲਈ: ਮਹਬਿੂਬਾ ਮੁਫ਼ਤੀ
ਸ੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਦੀ ਕੋਸ਼ਿਸ਼ ਕਰਦਿਆਂ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਪੀਡੀਪੀ ਦੇ ਯੂਥ ਵਿੰਗ ਵੱਲੋਂ ਕਰਵਾਈ ਇੱਕ ਕਨਵੈਨਸ਼ਨ ਮਗਰੋਂ ਮਹਬਿੂਬਾ ਮੁਫ਼ਤੀ ਨੇ ਕਿਹਾ, ‘ਅਸੀਂ ਆਪਣੀ ਜ਼ਿੰਦਗੀ ਬਿਤਾ ਲਈ ਹੈ….ਹੁਣ ਸਾਨੂੰ ਨੌਜਵਾਨਾਂ ਅਤੇ ਉਨ੍ਹਾਂ ਦੇ ਬੱਚਿਆਂ ਬਾਰੇ ਸੋਚਣਾ ਪਵੇਗਾ। ਅਸੀਂ ਆਪਣੇ ਨੌਜਵਾਨਾਂ ਦੇ ਭਵਿੱਖ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ।’ ਸਾਬਕਾ ਮੁੱਖ ਮੰਤਰੀ ਮਹਬਿੂਬਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਪੁਲੀਸ ਦੀ ਟਾਸਕ ਫੋਰਸ ਦੀਆਂ ਕਥਿਤ ਜ਼ਿਆਦਤੀਆਂ ਖ਼ਿਲਾਫ਼ ਲੜਦੀ ਰਹੀ ਹੈ ਪਰ ਹੁਣ ਇਹ ਸਿਰਫ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ, ‘ਯੂਥ ਵਿੰਗ ਇਸ ਲੜਾਈ ਵਿੱਚ ਸਾਡੇ ਨਾਲ ਹੈ।’ -ਪੀਟੀਆਈ