ਨਵੀਂ ਦਿੱਲੀ, 12 ਜੂਨ
ਰਾਜਸਥਾਨ ਦੇ ਕੈਬਨਿਟ ਮੰਤਰੀ ਦੇ ਪੁੱਤਰ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ 23 ਸਾਲਾ ਮੁਟਿਆਰ ‘ਤੇ ਰਾਸ਼ਟਰੀ ਰਾਜਧਾਨੀ ‘ਚ ਸਿਆਹੀ ਨਾਲ ਹਮਲਾ ਕੀਤਾ ਗਿਆ। ਡੀਸੀਪੀ (ਦੱਖਣੀ-ਪੂਰਬੀ ਜ਼ਿਲ੍ਹਾ) ਈਸ਼ਾ ਪਾਂਡੇ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਨੂੰ ਪੀਸੀਆਰ ਕਾਲ ਮਿਲੀ ਸੀ ਕਿ ਕੁਝ ਬਦਮਾਸ਼ਾਂ ਨੇ ਔਰਤ ‘ਤੇ ਕੁੱਝ ਸੁੱਟਿਆ ਤੇ ਫ਼ਰਾਰ ਹੋ ਗਏ। ਹਮਲੇ ਤੋਂ ਬਾਅਦ ਔਰਤ ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਾਤ ਕਰੀਬ 9.30 ਵਜੇ ਕਾਲਿੰਦੀ ਕੁੰਜ ਰੋਡ ਨੇੜੇ ਆਪਣੀ ਮਾਂ ਨਾਲ ਪੈਦਲ ਜਾ ਰਹੀ ਸੀ, ਜਦੋਂ ਦੋ ਲੜਕਿਆਂ ਨੇ ਉਸ ‘ਤੇ ਕੋਈ ਚੀਜ਼ ਸੁੱਟ ਦਿੱਤੀ ਅਤੇ ਭੱਜ ਗਏ। ਡੀਸੀਪੀ ਪਾਂਡੇ ਨੇ ਕਿਹਾ, ‘ਨੀਲਾ ਤਰਲ ਪਹਿਲੀ ਨਜ਼ਰ ਵਿੱਚ ਸਿਆਹੀ ਵਰਗਾ ਲੱਗਦਾ ਹੈ।’ ਪੁਲੀਸ ਨੇ ਧਾਰਾ 195 ਏ, 506, 323 ਅਤੇ 34 ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੀੜਤਾ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਦੇ ਬੇਟੇ ਰੋਹਿਤ ਜੋਸ਼ੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਸਦਰ ਬਾਜ਼ਾਰ ਥਾਣੇ ਵਿੱਚ ਦਰਜ ਕਰਵਾਈ ਸੀ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਸਿਆਹੀ ਹਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰੇਗੀ। ਮਾਲੀਵਾਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਕਿਹਾ ਕਿ ਉਹ ਆਪਣੇ ਮੰਤਰੀ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨ।