ਕੋਲਕਾਤਾ, 11 ਮਾਰਚ
ਤ੍ਰਿਣਮੂਲ ਕਾਂਗਰਸ ਦੇ ਮਸ਼ਹੂਰ ਹੋਏ ਚੋਣ ਨਾਅਰੇ ਖੇਲਾ ਹੋਬੇ (ਖੇਡ ਹੋ ਗਈ) ਨੂੰ ਵਿਰੋਧੀ ਭਾਰਤੀ ਜਨਤਾ ਪਾਰਟੀ ਵੀ ਭੁਨਾਉਂਦੀ ਦਿਖਾਈ ਦੇ ਰਹੀ ਹੈ ਅਤੇ ਦੋਵਾਂ ਪਾਰਟੀਆਂ ਦੇ ਦਿੱਗਜ਼ ਇਸ ਨਾਅਰੇ ਦਾ ਜ਼ਿਕਰ ਕਰ ਰਹੇ ਹਨ ਅਤੇ ਪੱਛਮੀ ਬੰਗਾਲ ਦੀਆਂ ਰੈਲੀਆਂ ’ਚ ਇਨ੍ਹਾਂ ਸ਼ਬਦਾਂ ਦੁਆਲੇ ਨਾਅਰੇ ਬੁਣ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਆਗੂ ਦੇਬਾਂਗਸ਼ੂ ਭੱਟਾਚਾਰੀਆ ਨੇ ਜਨਵਰੀ ’ਚ ਮੂਲ ਰੂਪ ’ਚ ਇਹ ਗੀਤ ਲਿਖਿਆ ਸੀ ਅਤੇ ਯੂਟਿਊਬ ’ਤੇ ਅਪਲੋਡ ਕੀਤਾ ਸੀ। ਸਭ ਤੋਂ ਪਹਿਲਾਂ ਪਾਰਟੀ ਦੇ ਬੀਰਭੂਮ ਤੋਂ ਨੇਤਾ ਅਨੁਬ੍ਰਤ ਮੰਡਲ ਨੇ ਇਕ ਰੈਲੀ ਦੌਰਾਨ ਇਸ ਨੂੰ ਨਵੇਂ ਬੋਲ ਦਿੰਦਿਆਂ ‘ਭਿਅੰਕਰ ਖੇਲਾ ਹੋਬੇ’ ਲਿਖਿਆ। ਭੱਟਾਚਾਰੀਆ ਨੇ ਕਿਹਾ, ‘ਗੀਤ ਖੇਲਾ ਹੋਬੇ ਲੋਕਾਂ ਨੂੰ ਤੁਰੰਤ ਜੋੜਨ ’ਚ ਕਾਮਯਾਬ ਰਿਹਾ ਹੈ। ਸੂਬੇ ਭਰ ’ਚ ਨੌਜਵਾਨਾਂ ਨੇ ਇਸ ਗੀਤ ਪ੍ਰਤੀ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ।’ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਮਦਨ ਮਿੱਤਰਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵੀ ਚੋਣ ਰੈਲੀਆਂ ਦੌਰਾਨ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਭਾਜਪਾ ਆਗੂਆਂ ਨੇ ਵੀ ਇਸ ਜੁਮਲੇ ਨੂੰ ਆਪਣੇ ਅੰਦਾਜ਼ ’ਚ ਅਪਣਾਇਆ ਹੈ। ਕੁਝ ਦਿਨ ਪਹਿਲਾਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ’ਚ ਬੈਨਰਜੀ ਤੇ ਉਨ੍ਹਾਂ ਦੀ ਪਾਰਟੀ ’ਤੇ ਤਨਜ਼ ਕਸਦਿਆਂ ਖੇਲਾ ਹੋਬੇ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਖੇਲਾ ਖਤਮ। ਵਿਕਾਸ ਸ਼ੁਰੂ।’ -ਪੀਟੀਆਈ