ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ ਕਮਾਈ ਵਿੱਚ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੂੰ ਪਛਾੜ ਦਿੱਤਾ। ਆਮਿਰ ਦੀ ‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ 12 ਕਰੋੜ ਤੇ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੇ 8.20 ਕਰੋੜ ਰੁਪਏ ਕਮਾਏ ਹਨ। ‘ਲਾਲ ਸਿੰਘ ਚੱਢਾ’ ਦੇ ਨਿਰਦੇਸ਼ਕ ਅਦਵੈਤ ਚੰਦਨ ਹਨ ਤੇ ਫਿਲਮ ਨੂੰ ਉੱਘੇ ਅਦਾਕਾਰ ਅਤੁਲ ਕੁਲਕਰਨੀ ਨੇ ਰੂਪਾਂਤਰਿਤ ਕੀਤਾ ਹੈ। ਫਿਲਮ ‘ਲਾਲ ਸਿੰਘ ਚੱਢਾ’ ਟੌਮ ਹਾਂਕਸ ਦੀ ਹੌਲੀਵੁੱਡ ਕਲਾਸਿਕ ਫ਼ਿਲਮ ‘ਫਾਰੈਸਟ ਗੰਪ’ (1994) ਦਾ ਰੀਮੇਕ ਹੈ। ਇਹ ਫ਼ਿਲਮ ਲਾਲ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ ਜਿਸ ਨੂੰ ਹਰੇਕ ਗੱਲ ਦੇਰ ਨਾਲ ਸਮਝ ਆਉਂਦੀ ਹੈ ਪਰ ਉਹ ਦਿਆਲੂ ਇਨਸਾਨ ਹੈ। ਲਾਲ ਸਿੰਘ ਆਪਣੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਦਾ ਹੈ, ਜੋ ਭਾਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਮੇਲ ਖਾਂਦੀਆਂ ਹਨ। ਫ਼ਿਲਮ ਵਿੱਚ ਕਰੀਨਾ ਕਪੂਰ ਖਾਨ, ਮੋਨਾ ਸਿੰਘ, ਨਾਗਾ ਚੇਤੰਨਿਆ ਅਤੇ ਮਾਨਵ ਵਿੱਜ ਸਹਿ-ਕਲਾਕਾਰ ਹਨ। -ਪੀਟੀਆਈ