ਮੁੰਬਈ, 17 ਅਗਸਤ
‘ਮੁੰਬਈ ਮੇਰੀ ਜਾਨ’, ‘ਦ੍ਰਿਸ਼ਯਮ’ ਤੇ ‘ਮਦਾਰੀ’ ਜਿਹੀਆਂ ਫ਼ਿਲਮਾਂ ਬਣਾਉਣ ਲਈ ਮਕਬੂਲ ਫ਼ਿਲਮਸਾਜ਼ ਨਿਸ਼ੀਕਾਂਤ ਦੀ ਅੱਜ ਹੈਦਰਾਬਾਦ ਦੇ ਏਆਈਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਕਾਮਤ ਜਿਗਰ ਦੇ ਰੋਗ ਤੋਂ ਪੀੜਤ ਸੀ ਤੇ ਲਾਗ ਵਧਣ ਕਰਕੇ ਉਸ ਨੂੰ 31 ਜੁਲਾਈ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਬਾਅਦ ਦੁਪਹਿਰ ਉਸ ਦੀ ਹਾਲਤ ਵਿਗੜਨ ਮਗਰੋਂ ਫ਼ਿਲਮਸਾਜ਼ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਜਿੱਥੇ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਉਸ ਨੇ ਆਖਰੀ ਸਾਹ ਲਏ। ਇਸ ਤੋਂ ਪਹਿਲਾਂ ਅੱਜ ਦਿਨੇ ਕਾਮਤ ਦੇ ਫਿਲਮ ਇੰਡਸਟਰੀ ਵਿਚਲੇ ਦੋਸਤ ਤੇ ਫ਼ਿਲਮਸਾਜ਼ ਮਿਲਾਪ ਜ਼ਾਵੇਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਕਾਮਤ ਮਰਿਆ ਨਹੀਂ ਹੈ। ਉਹ ਵੈਂਟੀਲੇਟਰ ’ਤੇ ਹੈ ਤੇ ਊਸ ਦੀ ਹਾਲਤ ਕਾਫ਼ੀ ਨਾਜ਼ੁਕ ਹੈ।’ ਕਾਮਤ ਨੇ ਸਾਲ 2005 ਵਿੱਚ ਮਰਾਠੀ ਫਿਲਮ ‘ਡੋਮਬੀਵਲੀ ਫਾਸਟ’ ਨਾਲ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਾਮਤ ਫ਼ਿਲਮ ਜਗਤ ਤਕ ਸੀਮਤ ਨਹੀਂ ਸੀ ਤੇ ਊਸ ਨੇ ਹੋਰ ਵੀ ਕਈ ਮਾਧਿਅਮਾਂ ’ਚ ਹੱਥ ਅਜ਼ਮਾਇਆ।