ਨਵੀਂ ਦਿੱਲੀ, 11 ਦਸੰਬਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਲਿਖੀ ਗਈ ਕਿਤਾਬ ‘ਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼’ ਦੀ ਚੌਥੀ ਅਤੇ ਆਖਰੀ ਜਿਲਦ ’ਚ ਕਈ ਅਹਿਮ ਖ਼ੁਲਾਸੇ ਕੀਤੇ ਗਏ ਹਨ। ਇਹ ਕਿਤਾਬ ਉਨ੍ਹਾਂ ਦੇ ਮਰਨ ਉਪਰੰਤ ਅਗਲੇ ਮਹੀਨੇ ਪ੍ਰਕਾਸ਼ਿਤ ਹੋਵੇਗੀ ਜਿਸ ’ਚ ਉਨ੍ਹਾਂ ਦੋ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਨਾਲ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਲਿਖਿਆ ਹੈ ਕਿ ਮਨਮੋਹਨ ਸਿੰਘ ਆਪਣੇ ਦੂਜੇ ਕਾਰਜਕਾਲ ਦੌਰਾਨ ਗੱਠਜੋੜ ਸਰਕਾਰ ਨੂੰ ਬਚਾਉਣ ’ਚ ਹੀ ਉਲਝੇ ਰਹੇ ਜਦਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਪਹਿਲਾ ਕਾਰਜਕਾਲ ‘ਤਾਨਾਸ਼ਾਹੀ’ ਵਾਲਾ ਰਿਹਾ। ਉਨ੍ਹਾਂ ਲਿਖਿਆ ਹੈ ਕਿ ਸਰਕਾਰ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ’ਚ ਕੁੜੱਤਣ ਭਰੇ ਰਿਸ਼ਤੇ ਦੇਖਣ ਨੂੰ ਮਿਲੇ ਅਤੇ ਸਿਰਫ਼ ਸਮਾਂ ਹੀ ਦੱਸੇਗਾ ਕਿ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਅਜਿਹੇ ਮਾਮਲਿਆਂ ’ਚ ਕਿੰਨੀ ਕੁ ਸਮਝ ਪੈਦਾ ਹੁੰਦੀ ਹੈ। ਸ੍ਰੀ ਮੁਖਰਜੀ ਮੁਤਾਬਕ 2012 ’ਚ ਉਨ੍ਹਾਂ ਨੂੰ ਰਾਸ਼ਟਰਪਤੀ ਬਣਾਏ ਜਾਣ ਮਗਰੋਂ ਕਾਂਗਰਸ ਪਾਰਟੀ ਰਾਹ ਤੋਂ ਭਟਕ ਗਈ। ਉਂਜ ਉਨ੍ਹਾਂ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਜੇਕਰ 2004 ’ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੁੰਦਾ ਤਾਂ 2014 ਦੀਆਂ ਆਮ ਚੋਣਾਂ ’ਚ ਕਾਂਗਰਸ ਦੀ ਬੁਰੀ ਹਾਰ ਨਹੀਂ ਹੋਣੀ ਸੀ। -ਆਈਏਐਨਐਸ