ਨਵੀਂ ਦਿੱਲੀ, 14 ਸਤਬੰਰ
ਪੱਤਰਕਾਰ ਪ੍ਰਿਯਾ ਰਮਾਨੀ ਨੇ ਅੱਜ ਦਿੱਲੀ ਦੀ ਇਕ ਅਦਾਲਤ ਵਿੱਚ ਕਿਹਾ ਕਿ ਸਾਲ 2018 ਵਿੱਚ ‘ਮੀ ਟੂ’ ਮੁਹਿੰਮ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਐੱਮ.ਜੇ. ਅਕਬਰ ਨੇ ਆਪਣੇ ਖ਼ਿਲਾਫ਼ ਸਾਹਮਣੇ ਆਏ ਜਿਨਸੀ ਸ਼ੋਸ਼ਣ ਦੇ ਕਈ ਮਾਮਲਿਆਂ ਨੂੰ ਦਬਾਉਣ ਲਈ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਰਾਹੀਂ ਉਸ ਨੂੰ ਚੋਣਵੇਂ ਤਰੀਕੇ ਨਾਲ ਨਿਸ਼ਾਨਾ ਬਣਾਇਆ। ਇਹ ਦਲੀਲ ਰਮਾਨੀ ਨੇ ਅੱਜ ਆਪਣੇ ਵਕੀਲ ਰਾਹੀਂ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਵਿਸ਼ਾਲ ਪਹੁੂਜਾ ਦੀ ਅਦਾਲਤ ਵਿੱਚ ਦਿੱਤੀ। ਅੱਜ ਅਕਬਰ ਵੱਲੋਂ ਉਸ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਸਬੰਧੀ ਆਖ਼ਰੀ ਸੁਣਵਾਈ ਸੀ। ਜ਼ਿਕਰਯੋਗ ਹੈ ਕਿ ‘ਮੀ ਟੂ’ ਮੁਹਿੰਮ ਦੌਰਾਨ ਰਮਾਨੀ ਨੇ ਸਾਲ 2018 ਵਿੱਚ ਅਕਬਰ ’ਤੇ ਕਰੀਬ 20 ਸਾਲ ਪਹਿਲਾਂ ਜਦੋਂ ਉਹ ਪੱਤਰਕਾਰ ਸੀ, ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।
ਰਮਾਨੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰੈਬੇਕਾ ਜੌਹਨ ਨੇ ਅਦਾਲਤ ਨੂੰ ਦੱਸਿਆ ਕਿ 14 ਤੋਂ ਵੱਧ ਮਹਿਲਾਵਾਂ ਨੇ ‘ਮੀ ਟੂ’ ਮੁਹਿੰਮ ਤਹਿਤ ਅਕਬਰ ’ਤੇ ਜਿਨਸੀ ਛੇੜਛਾੜ ਦੇ ਦੋਸ਼ ਲਗਾਏ ਸਨ ਪਰ ਅਕਬਰ ਵੱਲੋਂ ਸਿਰਫ਼ ਰਮਾਨੀ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਿਯਾ ਰਮਾਨੀ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਗਿਆ। –ਪੀਟੀਆਈ