ਮੁੰਬਈ, 21 ਦਸੰਬਰ
ਸ਼ਿਵ ਸੈਨਾ ਨੇ ਦੋਸ਼ ਲਾਇਆ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਉਸਾਰੀ ਲਈ ਵੱਡੇ ਪੱਧਰ ਉਤੇ ਸੰਪਰਕ ਮੁਹਿੰਮ ਚਲਾ ਕੇ ਲੋਕਾਂ ਕੋਲੋਂ ਇਕੱਠਾ ਕੀਤਾ ਜਾ ਰਿਹਾ ਫੰਡ ਭਗਵਾਨ ਰਾਮ ਦੇ ਨਾਂ ਉਤੇ 2024 ਦੀਆਂ ਲੋਕ ਸਭਾ ਚੋਣਾਂ ਲਈ ‘ਪ੍ਰਚਾਰ’ ਕਰਨ ਦੇ ਬਰਾਬਰ ਹੈ। ਭਾਜਪਾ ਨੇ ਹਾਲਾਂਕਿ ਇਸ ਦੋਸ਼ ਨੂੰ ਖਾਰਜ ਕਰਦਿਆਂ ਕਿਹਾ ਕਿ ਪਾਰਟੀ ਲਈ ਇਹ ਸਿਆਸੀ ਮੁੱਦਾ ਨਹੀਂ ਹੈ। ਭਾਜਪਾ ਨੇ ਉਲਟਾ ਸ਼ਿਵ ਸੈਨਾ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਸੈਨਾ ਵੱਲੋਂ ਪਹਿਲਾਂ ਮੰਦਰ ਉਸਾਰੀ ਲਈ ਭੂਮੀ ਪੂਜਨ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਦਾਨ ਲਈ ਵਿੱਢੀ ਮੁਹਿੰਮ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ ਜਦਕਿ ਲੋਕ ਇਸ ਵਿਚ ‘ਮਰਜ਼ੀ ਨਾਲ ਹਿੱਸਾ ਪਾ ਰਹੇ ਹਨ।’ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿਚ ਲਿਖਿਆ ਹੈ ਕਿ ਇਹ ਫ਼ੈਸਲਾ ਤਾਂ ਕਦੇ ਹੋਇਆ ਹੀ ਨਹੀਂ ਸੀ ਕਿ ਮੰਦਰ ਲੋਕਾਂ ਵੱਲੋਂ ਦਿੱਤੇ ਦਾਨ ਨਾਲ ਬਣੇਗਾ, ਤੇ ਭਗਵਾਨ ਰਾਮ ਦੇ ਨਾਂ ਉਤੇ ਸਿਆਸੀ ਪ੍ਰਚਾਰ ਕਿਸੇ ਨਾ ਕਿਸੇ ਸਮੇਂ ਰੋਕਿਆ ਜਾਣਾ ਸੀ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ‘ਲੋਕਾਂ ਕੋਲੋਂ ਚੰਦਾ ਇਕੱਠਾ ਕਰਨ ਦਾ ਮੁੱਦਾ ਸਾਧਾਰਨ ਨਹੀਂ, ਇਹ ਸਿਆਸੀ ਹੈ।’ ਜ਼ਿਕਰਯੋਗ ਹੈ ਕਿ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਟਰੱਸਟ ਵੱਲੋਂ ਵਿਆਪਕ ਸੰਪਰਕ ਸਾਧ ਕੇ ਮੰਦਰ ਨਿਰਮਾਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਮਰਾਠੀ ਅਖ਼ਬਾਰ ਨੇ ਕਿਸੇ ਪਾਰਟੀ ਜਾਂ ਸੰਗਠਨ ਦਾ ਨਾਂ ਲਏ ਬਿਨਾਂ ਲਿਖਿਆ ਕਿ ‘ਮੰਦਰ, ਮੁੱਢਲੇ ਤੌਰ ’ਤੇ ਕਿਸੇ ਰਾਜਨੀਤਕ ਪਾਰਟੀ ਦੇ ਸਿਆਸੀ ਲਾਭ ਲਈ ਨਹੀਂ ਬਣਾਇਆ ਜਾ ਰਿਹਾ, ਪਰ ਮੁਲਕ ਦੀ ਹਿੰਦੂ ਸ਼ਾਨ ਦਾ ਝੰਡਾ ਲਹਿਰਾਉਣ ਲਈ ਇਹ ਨਿਰਮਾਣ ਹੋ ਰਿਹਾ ਹੈ।’ ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਚਾਰ ਲੱਖ ਵਾਲੰਟੀਅਰ ਸੰਪਰਕ ਮੁਹਿੰਮ ਲਈ ਲਾਏ ਗਏ ਹਨ। ਸ਼ਿਵ ਸੈਨਾ ਨੇ ਸਵਾਲ ਕੀਤਾ ਹੈ ਕਿ ਇਹ ਵਾਲੰਟੀਅਰ ਕੌਣ ਹਨ ਤੇ ਅਸਲ ਵਿਚ ਇਨ੍ਹਾਂ ਦਾ ਸੰਗਠਨ ਕਿਹੜਾ ਹੈ, ਇਸ ਬਾਰੇ ਸਪੱਸ਼ਟ ਕੀਤਾ ਜਾਵੇ। ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਪੈਸਾ ਇਕੱਠਾ ਕਰਨਾ ਉਨ੍ਹਾਂ ‘ਕਾਰ ਸੇਵਕਾਂ ਦੀ ਬੇਇੱਜ਼ਤੀ’ ਵਾਂਗ ਹੋਵੇਗਾ ਜਿਨ੍ਹਾਂ ਮੰਦਰ ਉਸਾਰੀ ਲਈ ਕੁਰਬਾਨੀਆਂ ਕੀਤੀਆਂ ਹਨ। -ਪੀਟੀਆਈ