ਨਵੀਂ ਦਿੱਲੀ, 23 ਸਤੰਬਰ
ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਕਥਿਤ ਮਹਿਜ਼ ਫੋਟੋ ਖਿਚਵਾਉਣ ਦੇ ਮੌਕੇ ਤੱਕ ਸੀਮਤ ਕਰ ਛੱਡਿਆ ਹੈ।
ਕਾਂਗਰਸ ਨੇ ਕਿਹਾ ਕਿ ਸਰਕਾਰ ਦੇ ਇਸੇ ਰਵੱਈਏ ਕਰਕੇ ਕਈ ਅਹਿਮ ਮਸਲੇ ਹੱਲ ਹੋਣ ਖੁਣੋਂ ਅਜੇ ਤੱਕ ‘ਗੱਲਬਾਤ ਦੀ ਮੇਜ਼’ ਤੱਕ ਨਹੀਂ ਪੁੱਜ ਸਕੇ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤ ਤੇ ਇਸ ਦੇ ਲੋਕਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣਗੇ। ਸ੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਵਿਦੇਸ਼ ਦੌਰੇ ’ਤੇ ਹੁੰਦੇ ਹਨ ਤਾਂ ਉਹ ਭਾਜਪਾ ਦੀ ਨਹੀਂ (ਜਿਸ ਦੇ ਉਹ ਆਗੂ ਹਨ) ਬਲਕਿ ਪੂਰੇ ਮੁਲਕ ਦੀ ਨੁਮਾਇੰਦਗੀ ਕਰਦੇ ਹਨ। ਕਾਂਗਰਸ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਕੁੱਲ ਆਲਮ ਵਿੱਚ ਭਾਰਤ ਦਾ ਸਿਰ ਉੱਚਾ ਚੁੱਕਣ ਵਿੱਚ ਮਦਦ ਕਰਨ। ਕਾਂਗਰਸ ਆਗੂ ਨੇ ਕਿਹਾ, ‘‘ਵਿਦੇਸ਼ ਨੀਤੀ ਦਾ ਮਤਲਬ ਗਲਵਕੜੀਆਂ ਪਾਉਣਾ ਨਹੀਂ ਹੈ। ਕੂਟਨੀਤੀ ਜਾਂ ਵਿਦੇਸ਼ ਨੀਤੀ ਦਾ ਮਤਲਬ ਭਾਰਤ ਦੇ ਹਿੱਤਾਂ ਨੂੰ ਸਿਖਰਲੀ ਤਰਜੀਹ ਦੇਣਾ ਹੈ। ਪਰ ਅਫ਼ਗ਼ਾਨਿਸਤਾਨ ਹੋਵੇ ਜਾਂ ਫਿਰ ਰੂਸ, ਚੀਨ ਜਾਂ ਅਮਰੀਕਾ, ਭਾਰਤ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਗੱਲਬਾਤ ਨਹੀਂ ਕੀਤੀ ਗਈ।’’
ਸ੍ਰੀਨੇਤ ਨੇ ਕਿਹਾ ਕਿ ਬੀਤੇ ਵਿੱਚ ਭਾਰਤ ਦੀ ਭਾਈਵਾਲੀ ਬਿਨਾਂ ਕੋਈ ਫੈਸਲਾ ਨਹੀਂ ਹੁੰਦਾ ਸੀ, ਪਰ ਅੱਜ ਭਾਰਤ ਨੂੰ ਭਾਈਵਾਲ ਹੀ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸਫ਼ਲ ਫੇਰੀ ਲਈ ਮੋਦੀ ਜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ, ਪਰ ਅਸੀਂ ਨਾਲ ਹੀ ਉਨ੍ਹਾਂ ਨੂੰ ਇਹ ਵੀ ਪੁੱਛਦੇ ਹਾਂ ਕਿ ਉਹ ਭਾਰਤੀ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਕਿਹੜੇ ਢੰਗ ਨਾਲ ਪੇਸ਼ ਕਰਨਗੇ।’’ -ਪੀਟੀਆਈ