ਨਵੀਂ ਦਿੱਲੀ, 9 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਛੱਡੋ ਅੰਦੋਲਨ’ ਵਿੱਚ ਸ਼ਾਮਲ ਆਜ਼ਾਦੀ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਅੱਜ ਕਿਹਾ ਕਿ ਇਸ ਅੰਦੋਲਨ ਦੀ ਗੂੰਜ ਪੂਰੇ ਦੇਸ਼ ਵਿੱਚ ਸੁਣਾਈ ਦਿੱਤੀ ਸੀ ਤੇ ਇਸ ਨੇ ਦੇਸ਼ ਦੇ ਨੌਜਵਾਨਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ ਸੀ। ਚੇਤੇ ਰਹੇ ਕਿ ‘ਭਾਰਤ ਛੱਡੋ’ ਮੁਹਿੰਮ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਸ ਮੁਹਿੰਮ ਦੀ ਬਰਤਾਨਵੀ ਰਾਜ ਤੋਂ ਆਜ਼ਾਦੀ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਸੀ। ਸ੍ਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੀ 79ਵੀਂ ਵਰ੍ਹੇਗੰਢ ਮੌਕੇ ਕੀਤੇ ਇਕ ਟਵੀਟ ’ਚ ਕਿਹਾ, ‘‘ਆਜ਼ਾਦੀ ਦੇ ਉਨ੍ਹਾਂ ਮਹਾਨ ਨਾਇਕਾਂ ਨੂੰ ਸ਼ਰਧਾਂਜਲੀਆਂ ਜਿਨ੍ਹਾਂ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ। ਇਸ ਅੰਦੋਲਨ ਦੀ ਬਰਤਾਨਵੀ ਬਸਤੀਵਾਦ ਖ਼ਿਲਾਫ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਸੀ।’’ -ਪੀਟੀਆਈ