ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕਰੋਨਾ ਵਿਰੋਧੀ ਵੈਕਸੀਨ ਦੇ 79 ਲੱਖ ਤੋਂ ਵੱਧ ਡੋਜ਼ ਉਪਲੱਬਧ ਹਨ ਅਤੇ ਅਗਲੇ ਤਿੰਨ ਦਿਨਾਂ ਵਿਚ ਉਨ੍ਹਾਂ ਨੂੰ 17 ਲੱਖ ਤੋਂ ਵੱਧ ਡੋਜ਼ ਹੋਰ ਮੁਹੱਈਆ ਕਰਵਾ ਦਿੱਤੇ ਜਾਣਗੇ। ਅੱਜ ਸਵੇਰੇ 8 ਵਜੇ ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ ਤੇ ਯੂਟੀਜ਼ ਨੂੰ ਕਰੋਨਾ ਵਿਰੋਧੀ ਵੈਕਸੀਨ ਦੇ ਕਰੀਬ 16.37 ਕਰੋੜ ਡੋਜ਼ ਮੁਫ਼ਤ ਉਪਲੱਬਧ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਬਰਬਾਦੀ ਸਮੇਤ ਕੁੱਲ 15,58,48,782 ਡੋਜ਼ਾਂ ਦੀ ਖ਼ਪਤ ਹੋ ਚੁੱਕੀ ਹੈ। ਮੰਤਰਾਲੇ ਨੇ ਕਿਹਾ, ‘‘ਕੋਵਿਡ ਵਿਰੋਧੀ ਵੈਕਸੀਨ ਦੇ 79,13,518 ਤੋਂ ਵੱਧ ਡੋਜ਼ ਅਜੇ ਵੀ ਸੂਬਿਆਂ ਤੇ ਯੂਟੀਜ਼ ਕੋਲ ਉਪਲੱਬਧ ਹਨ। ਇਸ ਤੋਂ ਇਲਾਵਾ ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਤੇ ਯੂਟੀਜ਼ ਨੂੰ ਵੈਕਸੀਨ ਦੇ 17,31,518 ਡੋਜ਼ ਹੋਰ ਉਪਲੱਬਧ ਕਰਵਾ ਦਿੱਤੇ ਜਾਣਗੇ।’’ -ਪੀਟੀਆਈ