ਕੇਵੜੀਆ/ਲਖਨਊ, 31 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਟੇਲ ਨੂੰ ਸਮਰਪਿਤ ‘ਸਟੈਚੂ ਆਫ਼ ਯੂਨਿਟੀ’ ਕੁੱਲ ਆਲਮ ਨੂੰ ਇਕ ਸੁਨੇਹਾ ਹੈ ਕਿ ਭਾਰਤ ਦਾ ਭਵਿੱਖ ਰੌਸ਼ਨ ਹੈ ਤੇ ਕੋਈ ਵੀ ਦੇਸ਼ ਦੇ ਏਕਤਾ ਤੇ ਅਖੰਡਤਾ ਨੂੰ ਨਹੀਂ ਤੋੜ ਸਕਦਾ ਹੈ। ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ ਸ਼ਾਹ ਨੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਭਾਰਤ ਦੇ ਲੋਹ ਪੁਰਸ਼’ ਨੂੰ ਲੋਕਾਂ ਦੇ ਜ਼ਿਹਨ ’ਚੋਂ ਮਿਟਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ।’ ਉਨ੍ਹਾਂ ਕਿਹਾ ਕਿ ਪਟੇਲ ਦੇ ਯਤਨਾਂ ਸਦਕਾ ਹੀ ਲਕਸ਼ਦਵੀਪ ਭਾਰਤ ਦਾ ਅਟੁੱਟ ਅੰਗ ਬਣਿਆ। ਉਧਰ ਗੁਜਰਾਤ ਦੇ ਆਨੰਦ ਵਿਚ ਸ਼ਾਹ ਨੇ ਕਿਹਾ ਕਿ ਸਹਿਕਾਰੀ ਖੇਤਰ ਵਿਚ ਭਾਰਤ ਨੂੰ ਪੰਜ ਖਰਬ ਡਾਲਰ ਦੀ ਆਰਥਿਕਤਾ ਬਣਾਉਣ ਦੀ ਸਮਰੱਥਾ ਹੈ, ਤੇ ਇਹ ਖੇਤੀਬਾੜੀ ਖੇਤਰ ਨੂੰ ਵੀ ਆਤਮਨਿਰਭਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਮਾਡਲ ਨੂੰ ਲਾਗੂ ਕਰਨ ਦੀ ਲੋੜ ਹੈ ਜੋ ‘ਅਮੁੱਲ’ ਦੀ ਸਫ਼ਲਤਾ ਵਿਚ ਅਹਿਮ ਰਿਹਾ ਹੈ। ਸ਼ਾਹ ਅੱਜ ਇੱਥੇ ‘ਅਮੁੱਲ’ ਦੇ 75ਵਰ੍ਹੇ ਮੁਕੰਮਲ ਹੋਣ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਧਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਆਜ਼ਾਦ ਭਾਰਤ ਦੇ ‘ਘਾੜੇ’ ਸਨ। -ਪੀਟੀਆਈ