ਨਵੀਂ ਦਿੱਲੀ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਸੇਵਾਵਾਂ ਤੁਰੰਤ ਬਹਾਲ ਨਾ ਹੋਈਆਂ ਤਾਂ ਟੈਲੀਕਾਮ ਅਦਾਰਿਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਵਜ੍ਹਾ ਇੰਟਰਨੈੱਟ ਬੰਦ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਵਧਾ ਰਹੀ ਹੈ। ਜਥੇਬੰਦੀ ਦੀ ਸਿੰਘੂ ਬਾਰਡਰ ’ਤੇ ਹੋਈ ਮੀਟਿੰਗ ਦੌਰਾਨ ਪੈਦਾ ਹੋਏ ਤਾਜ਼ਾ ਹਾਲਾਤ ’ਤੇ ਚਰਚਾ ਕਰਦਿਆਂ ਸਰਕਾਰ ਵਲੋਂ ਚਲਾਈ ਜਾ ਰਹੀ ਕਿਸਾਨ ਵਿਰੋਧੀ ਮੁਹਿੰਮ ਦਾ ਜਵਾਬ ਦੇਣ ਲਈ ਅਗਲੀ ਰਣਨੀਤੀ ’ਤੇ ਵੀ ਡੂੰਘੀ ਚਰਚਾ ਕੀਤੀ ਗਈ। ਜਥੇਬੰਦੀ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਧਰਮ ਵਿਸ਼ੇਸ਼ ਦਾ ਨਹੀ ਸਗੋਂ ਨਿਰੋਲ ਕਿਸਾਨ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਆੜ ਹੇਠ ਕੋਈ ਹੋਰ ਏਜੰਡਾ ਲਾਗੂ ਕਰਨਾ ਕਿਸਾਨਾਂ ਨੂੰ ਢਾਹ ਅਤੇ ਸਰਕਾਰ ਨੂੰ ਫਾਇਦਾ ਪਹੁੰਚਾਵੇਗਾ। ਉਨ੍ਹਾਂ ਭਾਜਪਾ ਵੱਲੋਂ ਗੁੰਡੇ ਭੇਜ ਕੇ ਕਿਸਾਨਾਂ ਉਪਰ ਹਮਲੇ ਕਰਨ ਅਤੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ।
ਇੰਟਰਨੈੱਟ ਸਹੂਲਤ ਬੰਦ ਕਰਨ ਦੀ ਸਖ਼ਤ ਨਿੰਦਾ
ਕਿਸਾਨ ਆਗੂ ਜਗਮੋਹਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੰਟਰਨੈੱਟ ਸਹੂਲਤ ਬੰਦ ਕੀਤੇ ਜਾਣ ਦੇ ਕਦਮ ਨੂੰ ਕਿਸਾਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕਿਸਾਨ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ ਅਤੇ ਗੋਦੀ ਮੀਡੀਆ ਦਾ ਟਾਕਰਾ ਸੋਸ਼ਲ ਮੀਡੀਆ ਜਾਂ ਹੋਰ ਟੀਵੀ ਚੈਨਲਾਂ ਰਾਹੀਂ ਨਾ ਕਰ ਸਕਣ।