ਕੋਲਕਾਤਾ, 6 ਜੂਨ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਰਾਜਪਾਲ ਜਗਦੀਪ ਧਨਖੜ ’ਤੇ ਰਾਜਭਵਨ ’ਚ ਓਐੱਸਡੀ ਦੇ ਅਹੁਦਿਆਂ ’ਤੇ ਆਪਣੇ ਪਰਿਵਾਰ ਦੇ ਲੋਕਾਂ ਤੇ ਜਾਣਕਾਰਾਂ ਨੂੰ ਨਿਯੁਕਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਅੰਕਲ ਜੀ’ ਆਪਣੇ ਪੂਰੇ ਪਿੰਡ ਤੇ ਖਾਨਦਾਨ ਨੂੰ ਰਾਜ ਭਵਨ ਲੈ ਆਏ ਹਨ। ਟੀਐੱਮਸੀ ਆਗੂ ਨੇ ਅੱਜ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ‘ਅੰਕਲ ਜੀ’ ਕਹਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਜਾਣਕਾਰਾਂ ਨੂੰ ਰਾਜ ਭਵਨ ’ਚ ਵਿਸ਼ੇਸ਼ ਕਾਰਜਕਾਰੀ ਅਧਿਕਾਰੀ (ਓਐੱਸਡੀ) ਨਿਯੁਕਤ ਕੀਤਾ ਗਿਆ ਹੈ। ਮੋਇਤਰਾ ਨੇ ਇੱਕ ਸੂਚੀ ਟਵਿੱਟਰ ’ਤੇ ਸਾਂਝੀ ਕੀਤੀ ਜਿਸ ’ਚ ਰਾਜਪਾਲ ਦੇ ਓਐੱਸਪੀ ਅਭਯੂਦਯ ਸਿੰਘ ਸ਼ੇਖਾਵਤ, ਓਐੱਸਡੀ (ਤਾਲਮੇਲ) ਅਖਿਲ ਚੌਧਰੀ, ਓਐੱਸਡੀ (ਪ੍ਰਸ਼ਾਸਨ) ਰੁਚੀ ਦੂਬੇ, ਓਐੱਸਡੀ (ਪ੍ਰੋਟੋਕੋਲ) ਪ੍ਰਸ਼ਾਂਤ ਦੀਕਸ਼ਿਤ, ਓਐੱਸਡੀ (ਆਈਟੀ) ਕੌਸਤਵ ਐੱਸ ਵਲੀਕਰ ਤੇ ਨਵੇਂ ਨਿਯੁਕਤ ਓਐੱਸਡੀ ਕਿਸ਼ਨ ਧਨਖੜ ਦਾ ਨਾਂ ਸ਼ਾਮਲ ਹੈ। ਟੀਐੱਮਸੀ ਸੰਸਦ ਮੈਂਬਰ ਨੇ ਕਿਹਾ ਕਿ ਅਭਯੂਦਯ ਸਿੰਘ ਸ਼ੇਖਾਵਤ, ਧਨਖੜ ਕੇ ਜੀਜੇ ਦਾ ਪੁੱਤਰ ਹੈ ਜਦਕਿ ਰੁਚੀ ਦੂਬੇ ਉਨ੍ਹਾਂ ਦੇ ਸਾਬਕਾ ਏਡੀਸੀ ਮੇਜਰ ਗੋਰਾਂਗ ਦੀਕਸ਼ਿਤ ਦੀ ਪਤਨੀ ਅਤੇ ਪ੍ਰਸ਼ਾਂਤ ਦੀਕਸ਼ਿਤ ਭਰਾ ਹੈ। ਉਨ੍ਹਾਂ ਕਿਹਾ ਕਿ ਵਲੀਕਾਰ, ਧਨਖੜ ਦੇ ਮੌਜੂਦਾ ਏਡੀਸੀ ਜਨਾਰਦਨ ਰਾਓ ਦਾ ਜੀਜਾ ਹੈ ਜਦਕਿ ਕਿਸ਼ਨ ਧਨਖੜ ਰਾਜਪਾਲ ਦਾ ਇੱਕ ਹੋਰ ਨੇੜਲਾ ਰਿਸ਼ਤੇਦਾਰ ਹੈ। ਮੋਇਤਰਾ ਨੇ ਪੱਛਮੀ ਬੰਗਾਲ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਨ ਨਾਲ ਸਬੰਧਤ ਧਨਖੜ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਅੰਕਲ ਜੀ ਪੱਛਮੀ ਬੰਗਾਲ ਦੀ ਹਾਲਤ ਸੁਧਰ ਜਾਵੇਗੀ ਜੇਕਰ ਤੁਸੀਂ ਮੁਆਫ਼ੀ ਮੰਗ ਕੇ ਵਾਪਸ ਦਿੱਲੀ ਚਲੇ ਜਾਓ ਅਤੇ ਕੋਈ ਹੋਰ ਨੌਕਰੀ ਲੱਭ ਲਵੋ।’ ਟੀਐੱਮਸੀ ਆਗੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਸਾਡੇ ਸਾਰਿਆਂ ਕੋਲ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਜਮਹੂਰੀ ਅਧਿਕਾਰ ਹੈ। ਉਹ ਰਾਜ ਸਰਕਾਰ ਤੋਂ ਸਵਾਲ ਪੁੱਛਦੇ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਸ਼ੀਸ਼ਾ ਦੇਖਣ ਦੀ ਅਪੀਲ ਕਰਦੀ ਹਾਂ। ਉਹ ਆਪਣੇ ਪੂਰੇ ਪਿੰਡ ਤੇ ਪੂਰੇ ਖਾਨਦਾਨ ਨੂੰ ਰਾਜ ਭਵਨ ਲੈ ਆਏ ਹਨ।’ -ਪੀਟੀਆਈ