ਨਵੀਂ ਦਿੱਲੀ, 25 ਅਗਸਤ
ਪਾਰਟੀ ਵਿੱਚ ਸੰਸਥਾਗਤ ਸੁਧਾਰਾਂ ਦੀ ਮੰਗ ਤੇ ਲੋੜ ਲਈ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਹੰਗਾਮੇਦਾਰ ਬਣਾਉਣ ਤੋਂ ਇਕ ਦਿਨ ਮਗਰੋਂ ਕਾਂਗਰਸ ਦੇ ਸਿਖਰਲੇ ਆਗੂਆਂ ਦੀ ਸ਼ਮੂਲੀਅਤ ਵਾਲੇ ‘ਗਰੁੱਪ ਆਫ਼ 23’ ਦੇ ਮੈਂਬਰਾਂ ਨੇ ਅੱਜ ਕਿਹਾ ਕਿ ਉਹ ‘ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲਿਆਂ ’ਚੋਂ ਨਹੀਂ’ ਬਲਕਿ ‘ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਵਾਲੀ ਵਿਚਾਰਧਾਰਾ ਦੇ ਪ੍ਰਚਾਰਕ’ ਹਨ। ਪਾਰਟੀ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਕਿਹਾ ਕਿ ਪੱਤਰ ਤੋਂ ਭਾਵ ਕਾਂਗਰਸ ਲੀਡਰਸ਼ਿਪ ਨੂੰ ਚੁਣੌਤੀ ਦੇਣਾ ਨਹੀਂ ਬਲਕਿ ਪਾਰਟੀ ਨੂੰ ਮਜ਼ਬੂਤ ਕਰਨਾ ਸੀ। ਸਾਬਕਾ ਕੇਂਦਰੀ ਮੰਤਰੀ ਮੁਕੁਲ ਵਾਸਨਿਕ ਨੇ ਕਿਹਾ ਕਿ ਇਸ ਪੱਤਰ ਨੂੰ ‘ਅਪਰਾਧ’ ਵਜੋਂ ਵੇਖਣ ਵਾਲੇ ਲੋਕਾਂ ਨੂੰ ਜਲਦੀ ਹੀ ਅਹਿਸਾਸ ਹੋ ਜਾਵੇਗਾ ਕਿ ਇਸ ਵਿੱਚ ਚੁੱਕੇ ਗਏ ਮੁੱਦਿਆਂ ’ਤੇ ਗੌਰ ਕਰਨੀ ਬਣਦੀ ਹੈ।
ਉਧਰ ਸੀਨੀਅਰ ਕਾਂਗਰਸ ਆਗੂ ਐੱਮ.ਵੀਰੱਪਾ ਮੋਇਲੀ ਨੇ ਕਿਹਾ ਕਿ ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਕਿ ਸੰਸਥਾ ਕਾਂਗਰਸ ਦੇ ਫਲਸਫ਼ੇ ਨੂੰ ਅੱਗੇ ਲਿਜਾਣ ਤੇ ਜਮਹੂਰੀਅਤ ਨੂੰ ਬਚਾਉਣ ਦੀ ਸਥਿਤੀ ਵਿੱਚ ਨਹੀਂ ਹੈ।’ ਮੋਇਲੀ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਲੀਡਰਸ਼ਿਪ ਹਮੇਸ਼ਾਂ ਲੋੜੀਂਦੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੱਤਰ ਦਾ ਮੁੱਖ ਮੰਤਵ ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ, ਅਸੈਂਬਲੀ ਤੇ ਸਥਾਨਕ ਸਰਕਾਰਾਂ ਚੋਣਾਂ ਲਈ ਤਿਆਰ ਕਰਨਾ ਸੀ। ਪੱਤਰ ’ਤੇ ਸਹੀ ਪਾਉਣ ਵਾਲੇ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਇਕ ਟਵੀਟ ’ਚ ਕਿਹਾ, ‘ਇਹ (ਪੱਤਰ) ਕਿਸੇ ਅਹੁਦੇ ਲਈ ਨਹੀਂ ਸੀ। ਇਹ ਮੇੇਰੇ ਮੁਲਕ ਬਾਬਤ ਸੀ, ਜੋ ਮੇਰੇ ਲਈ ਸਭ ਤੋਂ ਵੱਧ ਹੈ।’ ਇਸ ਦੌਰਾਨ ਸੀਨੀਅਰ ਪਾਰਟੀ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੱਤਰ ਦਾ ਮੁੱਖ ਮੰਤਵ ‘ਸਾਂਝੀ ਫ਼ਿਕਰਮੰਦੀ’ ਨੂੰ ਜ਼ਾਹਿਰ ਕਰਨਾ ਸੀ ਤੇ ਅਜਿਹਾ ਪਾਰਟੀ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦਿਆਂ ਕੀਤਾ ਗਿਆ ਸੀ। ਚੇਤੇ ਰਹੇ ਕਿ ਰਾਹੁਲ ਗਾਂਧੀ ਦੇ ਅਸਤੀਫ਼ੇ ਮਗਰੋਂ ਸੋਨੀਆ ਗਾਂਧੀ ਨੂੰ ਸਾਲ ਪਹਿਲਾਂ ਪਾਰਟੀ ਦਾ ਅੰਤਰਿਮ ਪ੍ਰਧਾਨ ਥਾਪਿਆ ਗਿਆ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਲੰਘੇ ਦਿਨ ਸੋਨੀਆ ਗਾਂਧੀ ਨੂੰ ਏਆਈਸੀਸੀ ਇਜਲਾਸ ਤਕ ਅੰਤਰਿਮ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਸੀ। -ਪੀਟੀਆਈ