ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਮਈ
ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਸਿਹਤ ਪ੍ਰਬੰਧਾਂ ਤੇ ਡਾਕਟਰਾਂ ਨੂੰ ਸਾਹ ਦਿਵਾਉਣ ਲਈ ਦੇਸ਼ ਵਿੱਚ ਤੁਰੰਤ ਲੌਕਾਊਡਨ ਲਾਉਣ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਮੌਤਾਂ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ। ਦੇਸ਼ ਵਿੱਚ ਰੋਜ਼ਾਨਾ ਮੌਤਾਂ ਚਾਰ ਹਜ਼ਾਰ ਅਤੇ ਕੇਸ ਚਾਰ ਲੱਖ ਤੋਂ ਵੱਧ ਆਉਣ ਮਗਰੋਂ ਐਸੋਸੀਏਸ਼ਨ ਨੇ ਪੱਤਰ ਲਿਖਿਆ। ਉਸ ਨੇ ਪੱਤਰ ਵਿੱਚ ਲਿਖਿਆ, ‘‘ਐਸੋਸੀਏਸ਼ਨ ਪਿਛਲੇ 20 ਦਿਨਾਂ ਤੋਂ ਸਿਹਤ ਢਾਂਚੇ ਨੂੰ ਰਾਹਤ ਦੇਣ ਲਈ ਸੂਬਿਆਂ ਦੀ ਬਜਾਏ ਦੇਸ਼ ਵਿੱਚ ਲੌਕਡਾਊਨ ਲਾਉਣ ਉੱਤੇ ਜ਼ੋਰ ਦੇ ਰਹੀ ਹੈ। ਤਾਲਾਬੰਦੀ ਹੀ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕੇਗੀ। ਲੌਕਡਾਊਨ ਨਾ ਲਾਉਣ ਕਾਰਨ ਹੀ ਰੋਜ਼ਾਨਾ ਚਾਰ ਲੱਖ ਕੇਸ ਹੋ ਰਹੇ ਹਨ।’’ ਆਈਐੱਮਏ ਨੇ ਵੱਖ ਵੱਖ ਵੈਕਸੀਨ ਕੀਮਤ ਨੀਤੀ ਅਤੇ ਆਕਸੀਜਨ ਸੰਕਟ ’ਤੇ ਵੀ ਸਵਾਲ ਉਠਾਏ। ਐਸੋਸੀਏਸ਼ਨ ਨੇ ਕੋਵਿਡ ਅੰਕੜੇ ਛੁਪਾਉਣ ਬਾਰੇ ਪੁੱਛਿਆ, ‘‘ਅਸੀਂ ਕਰੋਨਾ ਦੀ ਪਹਿਲੀ ਲਹਿਰ ਦੌਰਾਨ 756 ਅਤੇ ਦੂਜੀ ਦੌਰਾਨ 146 ਡਾਕਟਰ ਗੁਆ ਚੁੱਕੇ ਹਾਂ। ਛੋਟੇ ਹਸਪਤਾਲਾਂ ਵਿੱਚ ਸੈਂਕੜੇ ਮੌਤਾਂ ਹੋ ਰਹੀਆਂ ਹਨ ਅਤੇ ਸਮਸ਼ਾਨਘਾਟ ਭਰੇ ਪਏ ਹਨ। ਸੀਟੀ ਸਕੈਨ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਇਸ ਨੂੰ ਕੇਸਾਂ ਵਿੱਚ ਗਿਣਿਆ ਨਹੀਂ ਜਾਂਦਾ। ਸਾਡੇ ਕੋਲੋਂ ਮੌਤਾਂ ਦੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ?