ਜੰਮੂ: ਜੰਮੂ ਕਸ਼ਮੀਰ ਦੇ ਡੀਜੀਪੀ (ਜੇਲ੍ਹਾਂ) ਵੀਕੇ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮਾਰਚ ’ਚ ਕਰੋਨਾਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ 4200 ਤੋਂ ਵੱਧ ਕੈਦੀ ਜ਼ਮਾਨਤ ’ਤੇ 41 ਕੈਦੀ ਪੈਰੋਲ ’ਤੇ ਰਿਹਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਰਫ਼ ਇੱਕ ਕੈਦੀ ਕਰੋਨਾ ਪਾਜ਼ੇਟਿਵ ਹੈ ਜਿਸ ਦਾ ਕਠੂਆ ਜ਼ਿਲ੍ਹੇ ਦੇ ਇੱਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘ਉੱਚ ਤਾਕਤਾਂ ਵਾਲੀ ਕਮੇਟੀ ਵੱਲੋਂ ਲਏ ਗਏ ਫ਼ੈਸਲਿਆਂ ਦਾ ਪਾਲਣ ਕਰਦਿਆਂ ਪਿਛਲੇ ਸਾਲ ਮਾਰਚ ’ਚ 4204 ਕੈਦੀਆਂ ਨੂੰ ਜ਼ਮਾਨਤ ’ਤੇ ਅਤੇ 41 ਨੂੰ ਪੈਰੋਲ ’ਤੇ ਰਿਹਾਅ ਕੀਤਾ ਗਿਆ।’ ਉਨ੍ਹਾਂ ਜੇਲ੍ਹ ’ਚ ਕਰਵਾਏ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਿਹਾ ਕਿ ਵੱਖ ਵੱਖ ਜੇਲ੍ਹਾਂ ’ਚ 542 ਕੈਦੀਆਂ ਨੂੰ ਕਰੋਨਾ ਹੋਇਆ ਸੀ ਪਰ ਹੁਣ ਸਾਰੇ ਤੰਦਰੁਸਤ ਹੋ ਗਏ ਹਨ। ਸਿਰਫ਼ ਦੋ ਬਜ਼ੁਰਗ ਕੈਦੀਆਂ ਦੀ ਹੋਰਨਾਂ ਬਿਮਾਰੀਆਂ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਭਾਗ ਨੇ ਕੇਸਾਂ ਦੀ ਸੁਣਵਾਈ ਅਤੇ ਰਿਮਾਂਡ ਲਈ ਵੀਡੀਓ ਕਾਨਫਰੰਸ ਦੀ ਸਹੂਲਤ ਸ਼ੁਰੂ ਕੀਤੀ ਹੈ। -ਪੀਟੀਆਈ