ਹਰਦੋਈ (ਉੱਤਰ ਪ੍ਰਦੇਸ਼), 21 ਫਰਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੋਣ ਪ੍ਰਚਾਰ ਵਾਸਤੇ ਪ੍ਰਧਾਨ ਮੰਤਰੀ ਨੂੰ ਸੱਦਣ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੀਐੱਮ ਮਤਲਬ ਪੈਕਰਜ਼ ਐਂਡ ਮੂਵਰਜ਼ ਨੂੰ ਪ੍ਰਚਾਰ ਲਈ ਸੱਦਿਆ ਹੈ। ਇਸ ਦੌਰਾਨ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਲੋਕਾਂ ਵਿਚ ਕਾਬਜ਼ ਧਿਰ ਖ਼ਿਲਾਫ਼ 440 ਵੋਲਟ ਦਾ ਕਰੰਟ ਹੈ। ਅਖਿਲੇਸ਼ ਯਾਦਵ ਨੇ ਹਰਦੋਈ ਵਿਚ ਪੈਂਦੇ ਵਿਧਾਨ ਸਭਾ ਹਲਕਾ ਸੰਡਿਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਨੇ ਚੋਣਾਂ ਵਿਚ ਪ੍ਰਚਾਰ ਲਈ ਪੀਐੱਮ ਨੂੰ ਸੱਦਿਆ ਹੈ। ਸ਼ਹਿਰੀ ਲੋਕ ਜਾਣਦੇ ਹਨ ਕਿ ਪੀਐੱਮ ਦਾ ਕੀ ਮਤਲਬ ਹੈ..ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਪੈਕਰਜ਼ ਐਂਡ ਮੂਵਰਜ਼ ਤਿਆਰ ਹਨ।’’ ਉਨ੍ਹਾਂ ਕਿਹਾ, ‘‘ਇਸ ਵਾਰ ਭਾਜਪਾ ਅਤੇ ਸੂਬੇ ਦੇ ਲੋਕਾਂ ਵਿਚਾਲੇ ਸਿੱਧੀ ਲੜਾਈ ਹੈ ਅਤੇ ਅਸੀਂ ਲੋਕਾਂ ਦੇ ਨਾਲ ਹਾਂ। ਨਾ ਹੀ ਬਸਪਾ ਤੇ ਨਾ ਹੀ ਕਾਂਗਰਸ ਅਗਲੀ ਸਰਕਾਰ ਬਣਾਉਣ ਜਾ ਰਹੀ ਹੈ। ਆਪਣੀਆਂ ਵੋਟਾਂ ਵਿਅਰਥ ਨਾ ਕਰੋ ਅਤੇ ਇਹ ਯਕੀਨੀ ਬਣਾਓ ਕਿ ਅਗਲੀ ਸਰਕਾਰ ਸਮਾਜਵਾਦੀ ਪਾਰਟੀ ਬਣਾਏ।’’ ਆਦਿੱਤਿਨਾਥ ਨੂੰ ‘ਬੁੱਲਡੋਜ਼ਰ ਬਾਬਾ’ ਕਰਾਰ ਦਿੰਦਿਆਂ ਅਖਿਲੇਸ਼ ਨੇ ਕਿਹਾ ਕਿ ਉਹ ਉਨ੍ਹਾਂ ਨੂੰ ‘ਬਾਬਾ ਮੁੱਖ ਮੰਤਰੀ’ ਕਹਿੰਦੇ ਹਨ ਪਰ ਇਕ ਅਖ਼ਬਾਰ ਨੇ ਉਨ੍ਹਾਂ ਨੂੰ ‘ਬੁੱਲਡੋਜ਼ਰ ਬਾਬਾ’ ਦਾ ਨਾਂ ਦਿੱਤਾ ਹੈ। ਇਸੇ ਦੌਰਾਨ ਅਖਿਲੇਸ਼ ਯਾਦਵ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਚੋਣ ਨਿਸ਼ਾਨ ਸਾਈਕਲ ਨੂੰ 2008 ਦੇ ਅਹਿਮਦਾਬਾਦ ਬੰਬ ਧਮਾਕੇ ਸਬੰਧੀ ਮਾਮਲੇ ਨਾਲ ਜੋੜ ਕੇ ਦੇਸ਼ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਆਮ ਲੋਕਾਂ ਦਾ ਹਵਾਈ ਜਹਾਜ਼ ਹੈ। -ਪੀਟੀਆਈ
ਅਖਿਲੇਸ਼ ਯਾਦਵ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ
ਇਟਾਵਾ: ਉੱਤਰ ਪ੍ਰਦੇਸ਼ ਵਿਚ ਤੀਜੇ ਗੇੜ ਦੀ ਵੋਟਿੰਗ ਦੌਰਾਨ ਵੋਟਿੰਗ ਕੇਂਦਰ ’ਤੇ ਮੀਡੀਆ ਨਾਲ ਗੱਲਬਾਤ ਕਰਨ ਦੇ ਦੋਸ਼ ਹੇਠ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਸ਼ਰੁਤੀ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਦੀ ਵੋਟਿੰਗ ਦੌਰਾਨ ਅਭਿਨਵ ਸਕੂਲ ਸੈਫਈ ਸਥਿਤ ਵੋਟਿੰਗ ਕੇਂਦਰ ’ਤੇ ਐਤਵਾਰ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦਾ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਨ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਖ਼ਬਰ ਮਿਲੀ। ਉਨ੍ਹਾਂ ਦੱਸਿਆ ਕਿ ਮਾਮਲੇ ਦਾ ਨੋਟਿਸ ਲੈਂਦੇ ਹੋਏ ਐੱਸਡੀਐੱਮ ਤੇ ਸਰਕਲ ਅਧਿਕਾਰੀ ਨੂੰ ਜਾਂਚ ਕਰਨ ਲਈ ਕਿਹਾ ਗਿਆ। ਜਾਂਚ ਤੋਂ ਬਾਅਦ ਮਾਮਲੇ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਦੇ ਹੋਏ ਸੈਫਈ ਥਾਣੇ ਵਿਚ ਸਮਾਜਵਾਦੀ ਪਾਰਟੀ ਦੇ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ