ਨਵੀਂ ਦਿੱਲੀ, 19 ਜਨਵਰੀ
ਉੱਤਰੀ ਅਮਰੀਕਾ ਵਿੱਚ 5-ਜੀ ਇੰਟਰਨੈੱਟ ਸ਼ੁਰੂ ਹੋਣ ਕਾਰਨ ਏਅਰ ਇੰਡੀਆ ਨੇ ਭਾਰਤ-ਯੂਐੱਸ ਰੂਟ ’ਤੇ ਬੁੱਧਵਾਰ ਤੋਂ ਅੱਠ ਉਡਾਨਾਂ ਰੱਦ ਕਰ ਦਿੱਤੀਆਂ ਹਨ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ 5-ਜੀ ਇੰਟਰਨੈੱਟ ਉਡਾਨਾਂ ਦੇ ਨੇਵੀਗੇਸ਼ਨ ਸਿਸਟਮ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੈ। ਇਸੇ ਦੌਰਾਨ ਡਾਇਰੈਕਟਰ-ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਹਾਲਾਤ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇ ਉਡਾਣ ਰੈਗੂਲੇਟਰ ‘ਫੇਡਰਲ ਐਵੀਏਸ਼ਨ ਐਡਮਿਨਸਟਰੇਸ਼ਨ’ ਨੇ 14 ਜਨਵਰੀ ਨੂੰ ਦੱਸਿਆ ਸੀ ਕਿ 5-ਜੀ ਇੰਟਰਨੈੱਟ ਜਹਾਜ਼ਾਂ ਦੇ ਰੇਡੀਓ ਐਲਟੀਮੀਟਰ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੈ ਜਿਸ ਕਾਰਨ ਜਹਾਜ਼ ਦੇ ਇੰਜਨ ਅਤੇ ਬ੍ਰੇਕਿੰਗ ਸਿਸਟਮ ਨੂੰ ਲੈਂਡਿੰਗ ਮੋਡ ਵਿੱਚ ਲਿਆਉਣਾ ਮੁਸ਼ਕਲ ਹੋ ਸਕਦਾ ਹੈ ਤੇ ਜਹਾਜ਼ ਨੂੰ ਰਨਵੇਅ ’ਤੇ ਰੋਕਿਆ ਵੀ ਨਹੀਂ ਜਾ ਸਕੇਗਾ। ਜਿਹੜੀਆਂ ਉਡਾਨਾਂ ਰੱਦ ਕੀਤੀਆ ਗਈਆਂ ਹਨ ਉਨ੍ਹਾਂ ਵਿੱਚ ਦਿੱਲੀ-ਨਿਊਯਾਰਕ, ਨਿਊਯਾਰਕ ਦਿੱਲੀ, ਦਿੱਲੀ -ਸ਼ਿਕਾਗੋ, ਸ਼ਿਕਾਗੋ-ਦਿੱਲੀ, ਦਿੱਲੀ-ਸਾਂਫਰਾਂਸਿਸਕੋ, ਸਾਂਫਰਾਂਸਿਸਕੋ-ਦਿੱਲੀ, ਦਿੱਲੀ-ਨੇਵਾਰਕ ਤੇ ਨੇਵਾਰਕ-ਦਿੱਲੀ ਸ਼ਾਮਲ ਹਨ। -ਪੀਟੀਆਈ