ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ/ਸ਼ਿਮਲਾ, 6 ਜੁਲਾਈ
ਮੁੱਖ ਅੰਸ਼
- ਮਲਾਨਾ ਪਾਵਰ ਪ੍ਰਾਜੈਕਟ ’ਚ ਕੰਮ ਕਰ ਰਹੇ 25 ਵਿਅਕਤੀ ਵਾਲ-ਵਾਲ ਬਚੇ
- ਪਾਰਵਤੀ ਨਦੀ ’ਤੇ ਬਣਿਆ ਪੁਲ ਨੁਕਸਾਨਿਆ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਬੱਦਲ ਫਟਣ ਮਗਰੋਂ ਅਚਾਨਕ ਆਏ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਵੱਖ ਵੱਖ ਘਟਨਾਵਾਂ ’ਚ ਪੰਜ ਵਿਅਕਤੀ ਮਾਰੇ ਗਏ ਜਦਕਿ 5 ਹੋਰ ਲਾਪਤਾ ਹਨ। ਜ਼ਿਲ੍ਹੇ ਦੇ ਮਲਾਨਾ ਪਾਵਰ ਪ੍ਰਾਜੈਕਟ ’ਚ ਕੰਮ ਕਰ ਰਹੇ 25 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਇਮਾਰਤ ’ਚੋਂ ਬਚਾਇਆ ਗਿਆ ਜੋ ਅਚਾਨਕ ਆਏ ਹੜ੍ਹ ਕਾਰਨ ਨੁਕਸਾਨੀ ਗਈ ਸੀ। ਕਈ ਇਲਾਕਿਆਂ ’ਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕੁੱਲੂ ਪ੍ਰਸ਼ਾਸਨ ਨੇ ਦਰਿਆਵਾਂ ਨੇੜੇ ਕੈਂਪ ਲਾਉਣ ਅਤੇ ਪਾਣੀ ਨਾਲ ਸਬੰਧਤ ਖੇਡਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਕੁੱਲੂ ’ਚ ਤਿੰਨ ਵਿਅਕਤੀਆਂ ਦੇ ਮਰਨ ਦੀ ਤਸਦੀਕ ਹੋ ਗਈ ਹੈ। ਪੰਜ ਲਾਪਤਾ ਵਿਅਕਤੀਆਂ ਦੇ ਵੀ ਮਾਰੇ ਜਾਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਮਨੀਕਰਣ ’ਚ ਚਾਰ ਵਿਅਕਤੀਆਂ ਦੇ ਪਾਣੀ ’ਚ ਰੁੜ੍ਹਨ ਦਾ ਖ਼ਦਸ਼ਾ ਹੈ। ਬੱਦਲ ਫਟਣ ਮਗਰੋਂ ਅਚਾਨਕ ਆਏ ਹੜ੍ਹ ਕਾਰਨ ਪਾਰਵਤੀ ਨਦੀ ’ਤੇ ਬਣਿਆ ਪੁਲ ਵੀ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਕੁੱਲੂ ਜ਼ਿਲ੍ਹੇ ਦੇ ਹੋਰ ਹਿੱਸਿਆਂ ’ਚ ਮੋਹਲੇਧਾਰ ਮੀਂਹ ਕਾਰਨ ਤਿੰਨ ਹੋਰ ਵਿਅਕਤੀਆਂ ਦੇ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮਾਂ ਮੌਕੇ ਵੱਲ ਰਵਾਨਾ ਹੋਈਆਂ ਸਨ ਪਰ ਢਿੱਗਾਂ ਡਿੱਗਣ ਕਾਰਨ ਉਹ ਕਸੋਲ-ਜੈਮਾਲਾ ਸੜਕ ’ਤੇ ਫਸ ਗਈਆਂ। ਮੰਗਲਵਾਰ ਰਾਤ ਨੂੰ ਪਏ ਮੋਹਲੇਧਾਰ ਮੀਂਹ ਮਗਰੋਂ ਆਏ ਹੜ੍ਹ ਕਾਰਨ ਕਸੋਲ ਇਲਾਕੇ ’ਚ ਕੁਝ ਕੈਂਪ ਅਤੇ ਕੈਫੇ ਵੀ ਵਹਿ ਗਏ। ਪ੍ਰਦੇਸ਼ ਆਫ਼ਤ ਪ੍ਰਬੰਧਨ ਡਾਇਰਕੈਟਰ ਸੁਦੇਸ਼ ਮੋਖਤਾ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਕੁਲੂ ਜ਼ਿਲ੍ਹੇ ਦੀ ਚਲਾਲ ਪੰਚਾਇਤ ਦੇ ਚੋਜ ਪਿੰਡ ’ਚ ਬੱਦਲ ਫਟਣ ਮਗਰੋਂ ਚਾਰ ਤੋਂ ਛੇ ਵਿਅਕਤੀ ਲਾਪਤਾ ਹੋ ਗਏ ਹਨ। ਕੁਲੂ ਦੇ ਐੱਸਪੀ ਗੁਰਦੇਵ ਸ਼ਰਮਾ ਨੇ ਕਿਹਾ ਕਿ ਚੋਜ ’ਚ ਬੱਦਲ ਫਟਣ ਕਾਰਨ ਪਾਰਵਤੀ ਦਰਿਆ ’ਤੇ ਬਣਿਆ ਪੁਲ ਵੀ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਚਾਰ ਵਿਅਕਤੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਕੁੱਲੂ ਦੀ ਨਿਰਮੰਡ ਤਹਿਸੀਲ ਦੇ ਸਲੋਟ ’ਚ ਢਿੱਗਾਂ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਲਾਰਜੇ ਅਤੇ ਪੰਡੋਹ ਡੈਮਾਂ ਦੇ ਗੇਟ ਖੋਲ੍ਹੇ ਜਾ ਰਹੇ ਹਨ। ਉਧਰ ਮਲਾਨਾ ਪਿੰਡ ਨੂੰ ਜਾਂਦੀ ਸੜਕ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਬਬੇਲੀ ਨੇੜੇ ਬਿਆਸ ਦਰਿਆ ’ਚ ਕਾਰ ਡਿੱਗਣ ਕਾਰਨ ਦੋ ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ।
ਫਿਰੋਜ਼ਪੁਰ-ਸ਼ਿਪਕੀ ਲਾ ਕੌਮੀ ਹਾਈਵੇਅ ਠੱਪ ਹੋਇਆ
ਰਾਮਪੁਰ: ਰਾਮਪੁਰ ਬੁਸ਼ਹਿਰ ਤਹਿਸੀਲ ਦੇ ਝਾਖੜੀ ’ਚ ਬੁੱਧਵਾਰ ਨੂੰ ਅੱਧੀ ਰਾਤ ਤੋਂ ਬਾਅਦ ਫਿਰੋਜ਼ਪੁਰ-ਸ਼ਿਪਕੀ ਲਾ ਕੌਮੀ ਹਾਈਵੇਅ-5 ’ਤੇ ਆਵਾਜਾਈ ਰੋਕ ਦਿੱਤੀ ਗਈ। ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਮੋਹਲੇਧਾਰ ਮੀਂਹ ਦੌਰਾਨ ਬਰੋਨੀ ਨਾਲੇ ਦਾ ਪੱਧਰ ਵਧਣ ਕਾਰਨ ਅੱਧੀ ਰਾਤ ਤੋਂ ਬਾਅਦ 2 ਵਜੇ ਦੇ ਕਰੀਬ ਸੜਕ ’ਤੇ ਪਾਣੀ ਅਤੇ ਮਲਬਾ ਆ ਗਿਆ। ਐੱਨਐੱਚਏਆਈ ਦੇ ਕਾਰਜਕਾਰੀ ਇੰਜਨੀਅਰ ਕੇ ਐੱਲ ਸੁਮਨ ਨੇ ਦੱਸਿਆ ਕਿ ਮਲਬੇ ਨੂੰ ਹਟਾ ਕੇ ਟਰੈਫਿਕ ਚਾਲੂ ਕਰਨ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੀਂਹ ਕਾਰਨ ਰਾਹਤ ਕਾਰਜਾਂ ’ਚ ਦਿੱਕਤ ਆ ਰਹੀ ਹੈ। ਰਾਤ ਪੈਣ ਕਾਰਨ ਬਚਾਅ ਕਾਰਜਾਂ ’ਚ ਵੀ ਮੁਸ਼ਕਲ ਆ ਰਹੀ ਹੈ। ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ਼ਿਮਲਾ ’ਚ ਕਾਰ ’ਤੇ ਪੱਥਰ ਡਿੱਗਣ ਕਾਰਨ ਲੜਕੀ ਦੀ ਮੌਤ
ਸ਼ਿਮਲਾ: ਸ਼ਹਿਰ ਦੇ ਬਾਹਰਵਾਰ ਢਿੱਗਾਂ ਡਿੱਗਣ ਕਾਰਨ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 6.05 ਵਜੇ ਦੇ ਕਰੀਬ ਢੱਲੀ ਸੁਰੰਗ ਨੇੜੇ ਵਾਪਰਿਆ। ਇਹ ਵਿਅਕਤੀ ਕਾਰ ’ਚ ਸਵਾਰ ਸਨ ਅਤੇ ਉਸ ’ਤੇ ਵੱਡਾ ਪੱਥਰ ਡਿੱਗਣ ਕਾਰਨ ਹਾਦਸਾ ਹੋਇਆ। ਜ਼ਖ਼ਮੀਆਂ ਨੂੰ ਆਈਜੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ਿਮਲਾ ’ਚ ਮੰਗਲਵਾਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ ਹਨ।