ਸ਼ਿਮਲਾ, 18 ਸਤੰਬਰ
ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਕਾਰਨ ਕੁੱਲ 50 ਸੜਕਾਂ ਬੰਦ ਹੋ ਗਈਆਂ ਅਤੇ 63 ਥਾਵਾਂ ’ਤੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ।
ਮੌਸਮ ਵਿਭਾਗ ਨੇ ਦੱਸਿਆ ਕਿ ਸ਼ਿਮਲਾ ਦੇ ਜੁਬਰਹੱਟੀ ਵਿੱਚ ਮੰਗਲਵਾਰ ਸ਼ਾਮ ਤੋਂ 46 ਮਿਲੀਮੀਟਰ ਬਾਰਿਸ਼ ਹੋਈ, ਇਸ ਤੋਂ ਬਾਅਦ ਮੰਡੀ (38.6 ਮਿਲੀਮੀਟਰ), ਕਸੌਲੀ (35 ਮਿਲੀਮੀਟਰ), ਸਰਹਾਨ (26 ਮਿਲੀਮੀਟਰ), ਕੰਡਾਘਾਟ (26 ਮਿਲੀਮੀਟਰ) ਅਤੇ ਧਰਮਸ਼ਾਲਾ (11.4 ਮਿਲੀਮੀਟਰ) ਮੀਂਹ ਪਿਆ।
ਐਸਈਓਸੀ ਦੇ ਅਨੁਸਾਰ ਬੁੱਧਵਾਰ ਸਵੇਰ ਤੱਕ ਸ਼ਿਮਲਾ ਵਿੱਚ 21, ਮੰਡੀ ਵਿੱਚ 13, ਕਾਂਗੜਾ ਵਿੱਚ 10, ਕੁੱਲੂ ਵਿੱਚ ਪੰਜ ਅਤੇ ਸਿਰਮੌਰ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਕੀਤੀ ਗਈ ਸੀ। ਇਸ ਸਬੰਧੀ ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਨੂੰ ਸੂਬੇ ਦੇ ਛੇ ਜ਼ਿਲ੍ਹਿਆਂ ਦੇ ਦੂਰ-ਦੂਰੇਡੇ ਖੇਤਰਾਂ ਵਿੱਚ ‘ਯੈਲੋ’ ਅਲਰਟ ਜਾਰੀ ਕੀਤਾ ਸੀ। ਅਧਿਕਾਰੀਆਂ ਮੁਤਾਬਕ ਸੂਬੇ ’ਚ 27 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਲੈ ਕੇ ਸੋਮਵਾਰ ਸ਼ਾਮ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ’ਚ 172 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 1,327 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੀਟੀਆਈ