ਸ੍ਰੀਨਗਰ, 6 ਅਗਸਤ
ਇਕ ਸਾਲ ਪਹਿਲਾਂ ਧਾਰਾ 370 ਰੱਦ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ’ਚ ਬੰਦੀ ਬਣਾਏ ਗਏ 504 ਵੱਖਵਾਦੀ ਆਗੂਆਂ ਵੱਲੋਂ ਚੰਗੇ ਵਤੀਰੇ ਦੀ ਲਿਖਤੀ ਜਾਮਨੀ ਭਰੇ ਜਾਣ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪੁਲੀਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ 350 ਵੱਖਵਾਦੀ ਆਗੂਆਂ ਅਤੇ ਪੱਥਰ ਸੁੱਟਣ ਵਾਲਿਆਂ, ਜਿਨ੍ਹਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ’ਚ ਭੇਜਿਆ ਗਿਆ ਸੀ, ’ਚੋਂ ਹੁਣ 50-60 ਹੀ ਸਲਾਖਾਂ ਪਿੱਛੇ ਰਹਿ ਗਏ ਹਨ ਜਦਕਿ ਬਾਕੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਿਹਾਅ ਕੀਤੇ ਗਏ ਵੱਖਵਾਦੀ ਆਗੂਆਂ ’ਚ ਹੁਰੀਅਤ ਕਾਨਫਰੰਸ ਅਤੇ ਜਮਾਤ-ਏ-ਇਸਲਾਮੀ (ਜੇਕੇ) ਦੇ ਆਗੂ ਵੀ ਸ਼ਾਮਲ ਹਨ। ਡੀਜੀਪੀ ਨੇ ਕਿਹਾ ਕਿ ਜਿਨ੍ਹਾਂ ਨੇ ਚੰਗੇ ਵਤੀਰੇ ਦਾ ਬਾਂਡ ਭਰਿਆ ਹੈ, ਉਨ੍ਹਾਂ ਨੂੰ ਸ਼ਾਂਤੀ ਕਾਇਮ ਰੱਖਣੀ ਪਵੇਗੀ ਅਤੇ ਉਹ ਕਿਸੇ ਵੀ ਹਿੰਸਕ ਜਾਂ ਵੱਖਵਾਦੀ ਸਰਗਰਮੀ ’ਚ ਸ਼ਾਮਲ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਰੱਦ ਕੀਤੇ ਜਾਣ ਮਗਰੋਂ ਕੁੱਲ 5500 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਦੀ ਕਾਊਂਸਲਿੰਗ ਅਤੇ ਮਾਪਿਆਂ ਤੋਂ ਭਰੋਸਾ ਮਿਲਣ ਮਗਰੋਂ 3-4 ਦਿਨਾਂ ’ਚ ਛੱਡ ਦਿੱਤਾ ਗਿਆ ਸੀ।
ਜੰਮੂ ਕਸ਼ਮੀਰ ’ਚ ਅਤਿਵਾਦ ਨਾਲ ਸਿੱਝਣ ਦੀ ਰਣਨੀਤੀ ਬਾਰੇ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਤਕਨੀਕੀ ਨਿਗਰਾਨੀ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੁਨਰ ਵਿਕਾਸ ਦੇ ਪ੍ਰੋਗਰਾਮ ਚਲਾਏ ਜਾਣੇ ਚਾਹੀਦੇ ਹਨ।
-ਪੀਟੀਆਈ