ਨਵੀਂ ਦਿੱਲੀ, 17 ਸਤੰਬਰ
ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਅਤੇ ਮਾਲਕਾਣਾ ਹੱਕ ਤਬਦੀਲ ਕਰਨ ਵਰਗੀਆਂ ਨਾਗਰਿਕਾਂ ਨਾਲ ਜੁੜੀਆਂ 58 ਸੇਵਾਵਾਂ ਨੂੰ ਆਧਾਰ ਪ੍ਰਮਾਣਿਕਤਾ ਰਾਹੀਂ ਆਨਲਾਈਨ ਉਪਲਬਧ ਕਰਵਾ ਦਿੱਤਾ ਹੈ। ਆਧਾਰ ਪ੍ਰਮਾਣਿਕਤਾ ਆਪਣੀ ਮਰਜ਼ੀ ਮੁਤਾਬਕ ਹੋਵੇਗੀ। ਮੰਤਰਾਲੇ ਨੇ ਅੱਜ ਕਿਹਾ ਕਿ ਸਰਕਾਰੀ ਦਫ਼ਤਰ ਵਿੱਚ ਜਾਏ ਬਿਨਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਸੰਪਰਕਰਹਿਤ ਢੰਗ ਨਾਲ ਉਪਲਬਧ ਕਰਵਾਉਣ ਨਾਲ ਨਾਗਰਿਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਪਾਲਣਾ ਦਾ ਬੋਝ ਵੀ ਘਟੇਗਾ। ਉਹ ਆਨਲਾਈਨ ਸੇਵਾਵਾਂ ਜਿਨ੍ਹਾਂ ਲਈ ਨਾਗਰਿਕ ਆਪਣੀ ਇੱਛਾ ਮੁਤਾਬਕ ਆਧਾਰ ਪ੍ਰਮਾਣਿਕਤਾ ਕਰਵਾ ਸਕਦੇ ਹਨ, ਉਨ੍ਹਾਂ ਵਿੱਚ ਲਰਨਰ ਲਾਇਸੈਂਸ, ਡਰਾਈਵਿੰਗ ਲਾਇਸੈਂਸ ਦੀ ਦੂਜੀ ਕਾਪੀ ਜਾਰੀ ਕਰਵਾਉਣਾ ਅਤੇ ਡਰਾਈਵਿੰਗ ਲਾਇਸੈਂਸ ਨਵਿਆਉਣਾ ਜਿਨ੍ਹਾਂ ਵਿੱਚ ਗੱਡੀ ਚਲਾ ਕੇ ਦਿਖਾਉਣਾ ਜ਼ਰੂਰੀ ਨਾ ਹੋਵੇ, ਵਰਗੀਆਂ ਸੇਵਾਵਾਂ ਸ਼ਾਮਲ ਹਨ। ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ 16 ਸਤੰਬਰ ਨੂੰ ਜਾਰੀ ਕੀਤਾ। ਜਿਸ ਵਿਅਕਤੀ ਕੋਲ ਆਧਾਰ ਨੰਬਰ ਨਹੀਂ ਹੈ, ਉਹ ਕੋਈ ਹੋਰ ਪਛਾਣ ਪੱਤਰ ਦਿਖਾ ਕੇ ਸੇਵਾਵਾਂ ਦਾ ਲਾਭ ਲੈ ਸਕਦਾ ਹੈ। -ਪੀਟੀਆਈ