ਨਵੀਂ ਦਿੱਲੀ, 22 ਅਕਤੂਬਰ
ਰਿਲਾਇੰਸ ਜੀਓ ਨੇ ਅੱਜ ਰਾਜਸਥਾਨ ਦੇ ਨਾਥਦੁਆਰਾ ਸ਼ਹਿਰ ’ਚ 5ਜੀ ਵਾਈ-ਫਾਈ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਕੰਪਨੀ ਵੱਲੋਂ ਇਹ ਸੇਵਾ ਹੋਰ ਜਨਤਕ ਥਾਵਾਂ ਜਿਵੇਂ ਰੇਲਵੇ ਸਟੇਸ਼ਨਾਂ ਤੇ ਸਿੱਖਿਆ ਸੰਸਥਾਵਾਂ ’ਚ ਸ਼ੁਰੂ ਕੀਤੀ ਜਾਵੇਗੀ। ਇਸ ਸੇਵਾ ਦੀ ਸ਼ੁਰੂਆਤ ਕੰਪਨੀ ਦੇ ਚੇਅਰਮੈਨ ਆਕਾਸ਼ ਐੱਮ ਅੰਬਾਨੀ ਨੇ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਸ਼ਲੋਕਾ ਨਾਲ ਸ੍ਰੀਨਾਥਜੀ ਮੰਦਰ ’ਚ ਪੂਜਾ ਕੀਤੀ। ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ, ‘ਅੱਜ ਅਸੀਂ ਪਵਿੱਤਰ ਸ਼ਹਿਰ ਨਾਥਦੁਆਰਾ ਤੇ ਭਗਵਾਨ ਸ੍ਰੀਨਾਥ ਜੀ ਦੇ ਮੰਦਰ ’ਚ ਪਹਿਲੀ ਅਸਲ 5ਜੀ ਵਾਈ-ਵਾਈ ਸੇਵਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਅਸੀਂ ਇਹ ਸੇਵਾ ਅਜਿਹੀਆਂ ਹੀ ਹੋਰ ਥਾਵਾਂ ’ਤੇ ਵੀ ਦੇਵਾਂਗੇ। ਇਸ ਦੇ ਨਾਲ ਹੀ ਚੇਨੱਈ ਸਭ ਤੋਂ ਵੱਡੇ ਸ਼ਹਿਰ ਵਜੋਂ ਸਾਡੀ 5ਜੀ ਵਾਈ-ਫਾਈ ਸੇਵਾ ’ਚ ਸ਼ਾਮਲ ਹੋ ਗਿਆ ਹੈ।’ ਕੰਪਨੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ, ਧਾਰਮਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਕਾਰੋਬਾਰੀ ਅਦਾਰਿਆਂ ਤੇ ਜ਼ਿਆਦਾ ਭੀੜ ਵਾਲੀਆਂ ਹੋਰ ਥਾਵਾਂ ’ਤੇ ਵੀ 5ਜੀ ਵਾਈ-ਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ। ਜੀਓ ਖਪਤਕਾਰਾਂ ਨੂੰ ਇਹ ਵਾਈ-ਫਾਈ ਸੇਵਾ ‘ਜੀਓ ਵੈਲਕਮ ਆਫਰ’ ਮਿਆਦ ਦੌਰਾਨ ਮੁਫ਼ਤ ਮਿਲੇਗੀ। ਦੂਜਾ ਨੈਟਵਰਕ ਵਰਤਣ ਵਾਲੇ ਵੀ ਜੀਓ 5ਜੀ ਵਾਈ-ਵਾਈ ਦੀ ਸੀਮਤ ਵਰਤੋਂ ਕਰ ਸਕਣਗੇ। –ਪੀਟੀਆਈ