ਜ਼ਗਰੇਬ, 29 ਦਸੰਬਰ
ਕੇਂਦਰੀ ਕ੍ਰੋਏਸ਼ੀਆ ’ਚ ਮੰਗਲਵਾਰ ਨੂੰ ਆਏ ਜਬਰਦਸਤ ਭੁਚਾਲ ਕਾਰਨ ਘਰ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਿਆ। ਭੁਚਾਲ ਕਾਰਨ 6 ਮੌਤਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਭੁਚਾਲ ਕਾਰਨ ਵੱਖ-ਵੱਖ ਥਾਈਂ 20 ਜਣੇ ਜ਼ਖ਼ਮੀ ਵੀ ਹੋਏ ਹਨ। ਇਸੇ ਦੌਰਾਨ ਮਲਬੇ ਹੇਠ ਦੱਬੀ ਕਾਰ ਵਿੱਚੋਂ ਇੱਕ ਵਿਅਕਤੀ ਅਤੇ ਲੜਕੇ ਨੂੰ ਜਿਊਂਦੇ ਕੱਢ ਕੇ ਹਸਪਤਾਲ ਪੁਹੰਚਾਇਆ ਗਿਆ। ਯੂਰੋਪੀਅਨ ਭੂਮੱਧ ਭੁਚਾਲ ਕੇਂਦਰ ਮੁਤਾਬਕ ਭੁਚਾਲ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 6.3 ਮਾਪੀ ਗਈ। ਇਸ ਦਾ ਕੇਂਦਰ ਜ਼ਗਰੇਬ ਦੇ 46 ਕਿਲੋਮੀਟਰ ਦੱਖਣ ਪੂਰਬ ’ਚ ਵਿੱਚ ਸੀ। ਮੁੱਢਲੀਆਂ ਰਿਪੋਰਟਾਂ ਮੁਤਾਬਕ ਭੁਚਾਲ ਕਾਰਨ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਕਈ ਥਾਈਂ ਇਮਾਰਤਾਂ ਤੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਜਦਕਿ ਕੁਝ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ। ਕ੍ਰੋਏਸ਼ੀਆ ਦੇ ਬਰਾਡਕਾਸਟਰ ਐੱਚਆਰਈ ਵੱਲੋਂ ਦੱਸਿਆ ਭੁਚਾਲ ਕਾਰਨ ਪੇਟਰਿੰਜਾ ’ਚ ਇੱਕ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਉਮਰ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ। -ਏਜੰਸੀਆਂ