ਨਵੀ ਦਿੱਲੀ, 15 ਸਤੰਬਰ
ਸੰਯੁਕਤ ਰਾਸ਼ਟਰ (ਯੂਐੱਨ) ਦੀ ਏਜੰਸੀ ਯੂਐੱਨਐੱਚਸੀਆਰ ਨੇ ਅੱਜ ਇੱਥੇ ਦੱਸਿਆ ਕਿ ਪਹਿਲੀ ਅਗਸਤ ਤੋਂ 11 ਸਤੰਬਰ ਤੱਕ ਕੁੱਲ 736 ਅਫ਼ਗਾਨ ਲੋਕਾਂ ਦੇ ਨਾਮ ਨਵੀਂ ਰਜਿਸਟਰੇਸ਼ਨ ਲਈ ਦਰਜ ਕੀਤੇ ਗਏ ਹਨ। ਏਜੰਸੀ ਨੇ ਇਹ ਵੀ ਕਿਹਾ ਕਿ ਉਹ ਭਾਰਤ ’ਚ ਅਫ਼ਗਾਨ ਨਾਗਰਿਕਾਂ ਦੀ ਰਜਿਸਟਰੇਸ਼ਨ ਅਤੇ ਸਹਾਇਤਾ ਲਈ ਵਧਦੀਆਂ ਬੇਨਤੀਆਂ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਵਧਾ ਰਹੀ ਹੈ।
ਸ਼ਰਨਾਰਥੀਆਂ ਬਾਰੇ ਏਜੰਸੀ (ਸੰਯੁਕਤ ਰਾਸ਼ਟਰ ਕਮਿਸ਼ਨ ਫਾਰ ਰਿਫਿਊਜੀਜ਼) ਨੇ ਕਿਹਾ ਕਿ ਉਹ ਵੀਜ਼ਾ ਜਾਰੀ ਕਰਨ ਅਤੇ ਮਿਆਦ ਵਧਾਉਣ, ਸਹਾਇਤਾ ਅਤੇ ਸਮੱਸਿਆਵਾਂ ਦੇ ਹੱਲ ਸਣੇ ਅਫਗਾਨ ਲੋਕਾਂ ਨਾਲ ਸਬੰਧਤ ਮਾਮਲਿਆਂ ਬਾਰੇ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਅੰਕੜਿਆਂ ਮੁਤਾਬਕ ਭਾਰਤ ਵਿੱਚ ਸ਼ਰਨਾਰਥੀਆਂ ਦੀ ਕੁੱਲ ਗਿਣਤੀ 43,157 ਹੈ। ਇਨ੍ਹਾਂ ਵਿੱਚ 15,559 ਅਫਗਾਨ ਸ਼ਰਨਾਰਥੀ ਹਨ, ਜੋ ਭਾਰਤ ਦੀ ਨਾਗਰਿਕਤਾ ਲੈਣ ਦੇ ਚਾਹਵਾਨ ਹਨ।
ਯੂਐੱਨ ਦੀ ਏਜੰਸੀ ਨੇ ਕਿਹਾ, ‘ਇੱਕ ਅਗਸਤ ਤੋਂ 11 ਸਤੰਬਰ ਤੱਕ ਯੂਐੱਨਐੱਚਸੀਆਰ ਵੱਲੋਂ ਨਵੀਂ ਰਜਿਸਟਰੇਸ਼ਨ ਲਈ 736 ਅਫ਼ਗਾਨ ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ।’ ਯੂਐੱਨਐੱਚਸੀਆਰ ਕੋਲ ਸੰਪਰਕ ਕਰਨ ਵਾਲਿਆਂ ਵਿੱਚ 2021 ’ਚ ਭਾਰਤ ਆਏ ਕਿੱਤਾਕਾਰ, ਵਿਦਿਆਰਥੀ ਅਤੇ ਹੋਰ ਸ਼੍ਰੇਣੀਆਂ ਦੇ ਅਫ਼ਗਾਨ ਨਾਗਰਿਕ ਵੀ ਸ਼ਾਮਲ ਹਨ, ਜਿਹੜੇ ਸ਼ਰਨ ਲੈਣ ਦੇ ਪਹਿਲਾਂ ਤੋਂ ਬੰਦ ਕੇਸ ਫਿਰ ਤੋਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਹ ਸਾਰੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਕਾਰਨ ਵਾਪਸ ਜਾਣ ਤੋਂ ਅਸਮਰੱਥ ਹਨ।
ਏਜੰਸੀ ਮੁਤਾਬਕ ਉਸ ਨੇ ਅਫ਼ਗਾਨਿਸਤਾਨ ਦੇ ਹੰਗਾਮੀ ਸਥਿਤੀ ਅਤੇ ਅਫ਼ਗਾਨ ਨਾਗਰਿਕਾਂ ਨੂੰ ਸਮਰਪਿਤ ਇੱਕ ਸਹਾਇਤਾ ਯੂਨਿਟ ਵੀ ਸਥਾਪਤ ਕੀਤੀ ਹੈ, ਜਿਸ ਵਿੱਚ ਰਜਿਸਟਰੇਸ਼ਨ ਅਤੇ ਸਹਾਇਤਾ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਉਪਲੱਬਧ ਹੈ। ਏਜੰਸੀ ਮੁਤਾਬਕ, ‘ਅਫ਼ਗਾਨ ਭਾਈਚਾਰੇ ਦੀ ਮਦਦ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਲਈ 24×7 ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਰੋਜ਼ਾਨਾ 130 ਤੋਂ ਵੱਧ ਫੋਨ ਆ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤੇ ਸਹਾਇਤਾ ਅਤੇ ਰਜਿਸਟਰੇਸ਼ਨ ਦੀ ਪੜਤਾਲ ਸਬੰਧੀ ਹੁੰਦੇ ਹਨ।’ -ਪੀਟੀਆਈ