ਨਵੀਂ ਦਿੱਲੀ, 20 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੇਸ਼ ਵਿਚ ਦਿਨੋਂ-ਦਿਨ ਵਧਦੀ ਗ਼ਰੀਬੀ ਲਈ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਵਿਚ ਕੁੱਲ 135 ਕਰੋੜ ਦੀ ਆਬਾਦੀ ਵਿੱਚੋਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਲੋੜ ਹੈ ਜੋ ਕਿ ਮੋਦੀ ਸਰਕਾਰ ਵਿਚ ਵਿਕਾਸ ਦਾ ਇਕ ਹੋਰ ਦਰਦਨਾਕ ਪਹਿਲੂ ਹੈ।
ਸ੍ਰੀ ਗਾਂਧੀ ਨੇ ਹਿੰਦੀ ਵਿਚ ਟਵੀਟ ਕੀਤਾ, ‘‘135 ਕਰੋੜ ਦੀ ਕੁੱਲ ਆਬਾਦੀ ਵਿਚੋਂ 80 ਕਰੋੜ ਲੋਕਾਂ ਨੂੰ ਗ਼ਰੀਬ ਕਲਿਆਣ ਯੋਜਨਾ ਅਧੀਨ ਮੁਫ਼ਤ ਰਾਸ਼ਨ ਦੀ ਲੋੜ ਹੈ। ਮੋਦੀ ਸਰਕਾਰ ਦੇ ਵਿਕਾਸ ਦਾ ਇਕ ਹੋਰ ਦਰਦਨਾਕ ਪਹਿਲੂ।’’ ਇਕ ਹੋਰ ਟਵੀਟ ਵਿਚ ਉਨ੍ਹਾਂ ਪੈਟਰੋਲ ਤੇ ਡੀਜ਼ਲ ’ਤੇ ਭਾਰੀ ਟੈਕਸ ਲਗਾਉਣ ਨੂੰ ਲੈ ਕੇ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲਿਆ।
ਉਨ੍ਹਾਂ ਹਿੰਦੀ ਵਿਚ ਟਵੀਟ ਕੀਤਾ, ‘‘ਟੈਕਸ ਇਕੱਠਾ ਕਰਨ ਵਿਚ ਪੀਐੱਚਡੀ।’’ ਉਨ੍ਹਾਂ ਇਕ ਮੀਡੀਆ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ ਮੁਤਾਬਕ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਲਗਾਏ ਟੈਕਸ ਨਾਲ ਆਮਦਨ ਕਰ ਤੇ ਕਾਰਪੋਰੇਟ ਟੈਕਸ ਨਾਲੋਂ ਜ਼ਿਆਦਾ ਕਮਾਈ ਕੀਤੀ ਹੈ। -ਪੀਟੀਆਈ