ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਦਿੱਲੀ ਦੇ 33 ਪ੍ਰਾਈਵੇਟ ਹਸਪਤਾਲਾਂ ਵਿੱਚ 80% ਆਈਸੀਯੂ ਬੈੱਡ ਮੁੜ ਤੋਂ ਕੋਵਿਡ -19 ਦੇ ਮਰੀਜ਼ਾਂ ਲਈ ਰਾਖਵੇਂ ਹੋਣਗੇ। ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਇਸ ਫੈਸਲੇ ’ਤੇ ਲੱਗੀ ਰੋਕ ਹਟਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਰਾਜ ਵਿਚ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਹੋਰ ਆਈਸੀਯੂ ਬਿਸਤਰੇ ਦੀ ਫਿਰ ਤੋਂ ਜ਼ਰੂਰਤ ਹੈ। ਇਹ ਕਹਿੰਦੇ ਹੋਏ ਹਾਈ ਕੋਰਟ ਨੇ 12 ਸਤੰਬਰ ਦੇ ਆਪਣੇ ਆਦੇਸ਼ ਅਧੀਨ ਲਗਾਈ ਗਈ ਪਾਬੰਦੀ ਵਾਪਸ ਲੈ ਲਈ। ਹਰ ਦਿਨ ਦਿੱਲੀ ਵਿਚ 7 ਤੋਂ 8 ਹਜ਼ਾਰ ਨਵੇਂ ਕਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੀ ਇਸ ਨੂੰ ਮਹਾਂਮਾਰੀ ਦੀ ਤੀਜੀ ਲਹਿਰ ਮੰਨਿਆ ਹੈ। ਹਵਾ ਪ੍ਰਦੂਸ਼ਣ ਦੇ ਵੱਧ ਰਹੇ ਪੱਧਰਾਂ ਕਾਰਨ ਦਿੱਲੀ ਵਿੱਚ ਕਰੋਨਾ ਸਥਿਤੀ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਮਾਹਰ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਜੇ ਪਰਾਲੀ ਸਾੜਨ ‘ਤੇ ਪਾਬੰਦੀ ਨਾ ਲਗਾਈ ਗਈ ਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਨਾ ਕੀਤਾ ਗਿਆ ਕੋਵਿਡ -19 ਮਹਾਂਮਾਰੀ ਵਿਚ ਵਾਧਾ ਦਰਜ ਕੀਤਾ ਜਾ ਸਕਦਾ ਹੈ।